Education department changes : ਚੰਡੀਗੜ੍ਹ : ਕੋਵਿਡ-19 ਦੇ ਕਾਰਨ ਸਕੂਲ ਬੰਦ ਰੱਖਣ ਲਈ ਮਜ਼ਬੂਰ ਹੋਣ ਦੇ ਬਾਵਜੂਦ ਸਿੱਖਿਆ ਵਿਭਾਗ ਅਤੇ ਖਾਸ ਕਰਕੇ ਹੇਠਲੇ ਪੱਧਰ ’ਤੇ ਅਧਿਆਪਕਾਂ ਨੇ ਇਸ ਚੁਣੌਤੀ ਨੂੰ ਇੱਕ ਮੌਕੇ ਵਿਚ ਬਦਲ ਦਿੱਤਾ ਹੈ। ਇਹ ਪ੍ਰਗਟਾਵਾ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਕੀਤਾ ਤੇ ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਭਾਵੇਂ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਵਾਸਤੇ ਉਨ੍ਹਾਂ ਨੂੰ ਸਕੂਲ ਬੰਦ ਰੱਖਣੇ ਪਏ ਫਿਰ ਵੀ ਇਸ ਸਮੇਂ ਦੌਰਾਨ ਵਿਭਾਗ ਨੇ ਇਸ ਮਹਾਮਾਰੀ ਦੌਰਾਨ ਨਵੀਂਆਂ ਪਹਿਲਕਦਮੀਆਂ ਕਰਦੇ ਹੋਏ ਸਿੱਖਿਆ ਦੇ ਖੇਤਰ ਵਿੱਚ ਨਵੇਂ ਰਾਹ ਕੱਢੇ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਸਰਕਾਰੀ ਸਕੂਲਾਂ ‘ਚ ਜਨਤਾ ਨੇ ਵਿਸ਼ਵਾਸ ਜਤਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਪ੍ਰਗਟਾਵਾ ਇਸ ਤੱਥ ਤੋਂ ਹੁੰਦਾ ਹੈ ਕਿ ਇਸ ਸਾਲ ਤਕਰੀਬਨ 3.45 ਲੱਖ ਵਿਦਿਆਰਥੀਆਂ ਦੇ ਦਾਖਲੇ ‘ਚ ਵਾਧਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ 1.50 ਲੱਖ ਤੋਂ ਵੱਧ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿੱਚੋਂ ਤਬਦੀਲ ਹੋ ਕੇ ਸਰਕਾਰੀ ਸਕੂਲਾਂ ‘ਚ ਆਏ ਹਨ। ਉਨ੍ਹਾਂ ਕਿਹਾ ਕਿ ਜਨਤਕ ਧਾਰਨਾ ਵਿੱਚ ਤਬਦੀਲੀ ਦਾ ਕਾਰਨ ਬੁਨਿਆਦੀ ਢਾਂਚਾਗੱਤ ਸਹੂਲਤਾਂ ਅਤੇ ਮਿਆਰੀ ਸਿੱਖਿਆ ਵੀ ਹੈ ਜੋ ਸਮਰਪਿਤ ਅਧਿਆਪਕਾਂ ਦੁਆਰਾ ਮੁਹੱਈਆ ਕਰਵਾਈ ਜਾ ਰਹੀਆਂ ਹਨ।
ਸਿੱਖਿਆ ਸਕੱਤਰ ਨੇ ਕਿਹਾ ਕਿ ਹੁਣ ਵਿਭਾਗ ਦੇ ਸਾਹਮਣੇ ਚੁਣੌਤੀ ਉਨ੍ਹਾਂ ਮਾਪਿਆਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਨਾ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਵਿੱਚ ਅੰਗਰੇਜ਼ੀ ਭਾਸ਼ਾ ਦਾ ਹੁਨਰ ਵਿਕਸਤ ਕਰਨ ਦੇ ਲਈ ਪ੍ਰਾਈਵੇਟ ਸਕੂਲਾਂ ਤੋਂ ਤਬਦੀਲ ਕਰਕੇ ਸਰਕਾਰੀ ਸਕੂਲਾਂ ਵਿੱਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਦਿਹਾਤੀ ਪਿਛੋਕੜ ਦੇ ਵਿਦਿਆਰਥੀ ਜੋ ਵਿਸ਼ੇਸ਼ ਤੌਰ ’ਤੇ ਸਰਕਾਰੀ ਸਕੂਲਾਂ ਵਿੱਚ ਆਏ ਨੂੰ ਅਨੁਕੂਲ ਵਾਤਾਵਰਣ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਂ ਬੋਲੀ ਪੰਜਾਬੀ ਦੇ ਨਾਲ ਨਾਲ ਉਨ੍ਹਾਂ ਵਿੱਚ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਪੈਦਾ ਕੀਤੀ ਜਾਵੇਗੀ ਤਾਂ ਜੋ ਉਹ ਅਜੋਕੇ ਦੌਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ ਦੇ ਸਮਰੱਥ ਹੋ ਸਕਣ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਧਿਆਨ ਵਿਚ ਰੱਖਦਿਆਂ ਸਾਡੇ ਮਿਹਨਤੀ ਅਧਿਆਪਕ ਨੇ ‘ਇੰਗਲਿਸ ਬੂਸਟਰ ਕਲੱਬ’ (ਈ.ਬੀ.ਸੀ.) ਨਾਂ ਦੀ ਇਕ ਹੋਰ ਨਵੀਂ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਈ.ਬੀ.ਸੀ. ਵਧੀਆ ਵਾਤਾਵਰਣ ਪ੍ਰਦਾਨ ਕਰੇਗਾ ਜਿਥੇ ਸਾਡੇ ਸਾਰੇ ਵਿਦਿਆਰਥੀ ਅਤੇ ਅਧਿਆਪਕ ਭਾਗ ਲੈ ਸਕਦੇ ਹਨ ਅਤੇ ਗਿਆਨ ਸਾਂਝਾ ਕਰ ਸਕਦੇ ਹਨ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਧਿਆਪਕਾਂ ਦਾ ਇਹ ਉਪਰਾਲਾ ਵੀ ‘ਸਵਾਗਤ ਜ਼ਿੰਦਗੀ’ ਅਤੇ ਕਈ ਹੋਰ ਉਪਰਾਲਿਆਂ ਵਾਂਗ ਚੰਗੇ ਨਤੀਜੇ ਲਿਆਵੇਗਾ।
ਸਿੱਖਿਆ ਸਕੱਤਰ ਨੇ ਕਿਹਾ ਕਿ ਵਿਭਾਗ ਕੋਵਿਡ -19 ਦੌਰਾਨ ਸਾਵਧਾਨੀਆਂ ਦੀ ਪਾਲਣਾ ਕਰਦਿਆਂ ‘ਮਿਸ਼ਨ ਸ਼ਤ-ਪ੍ਰਤੀਸ਼ਤ’, ‘ਸਮਾਰਟ ਸਕੂਲਜ਼’, ‘ਅੰਗਰੇਜ਼ੀ ਮਾਧਿਅਮ’, ‘ਈਚ ਵਨ, ਬਰਿੰਗ ਵਨ’, ‘ਘਰ ਬੈਠੇ ਸਿੱਖਿਆ‘ ਅਤੇ ‘ਪੰਜਾਬ ਅਚੀਵਮੈਂਟ ਸਰਵੇਖਣ’ ਵਰਗੇ ਆਪਣੇ ਬਹੁਤ ਸਾਰੇ ਕਾਰਜਾਂ ਨੂੰ ਉਤਸ਼ਾਹ ਨਾਲ ਪੂਰਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪਾਠ ਪੁਸਤਕਾਂ ਦੀ ਵੰਡ, ਮਿਡ ਡੇਅ ਮੀਲ ਆਦਿ ਵਰਗੇ ਕਰਜਾਂ ਤੋਂ ਇਲਾਵਾ ਇੱਕ ਸਾਂਝੇ ਅੰਦੋਲਨਾਂ ਰਾਹੀਂ ਲੋਕ ਲਹਿਰ ਖੜ੍ਹੀ ਕਰਕੇ ਮਾਪਿਆਂ ਖਾਸ ਕਰਦੇ ਸਮੁੱਚੇ ਲੋਕਾਂ ਨਾਲ ਸਮਾਜਿਕ ਤੰਦਾਂ ਨੂੰ ਮਜ਼ਬੂਤ ਬਣਾਇਆ ਹੈ।