Supreme Court issues : ਚੰਡੀਗੜ੍ਹ : ਸੁਪਰੀਮ ਕੋਰਟ ਨੇ 1991 ਵਿੱਚ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਦੇ ਕਥਿਤ ਅਗਵਾ ਅਤੇ ਕਤਲ ਦੇ ਇੱਕ ਕੇਸ ਵਿੱਚ ਗ੍ਰਿਫ਼ਤਾਰੀ ਤੋਂ ਬਚਾਅ ਦੀ ਮੰਗ ਕਰਦਿਆਂ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਅਗਾਊਂ ਜ਼ਮਾਨਤ ਪਟੀਸ਼ਨ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ।
ਪੰਜਾਬ ਪੁਲਿਸ ਦੀ ਐਸ.ਆਈ.ਟੀ. ਵੱਲੋਂ ਸੁਮੇਧ ਸੈਣੀ ਨੂੰ 2015 ਦੇ ਕੋਟਕਪੂਰਾ ਗੋਲੀ ਕਾਂਡ ਨਾਲ ਸੰਬੰਧਤ 2018 ਵਿੱਚ ਦਰਜ ਕੇਸ ਵਿੱਚ ਵੀ ਨਾਮਜ਼ਦ ਕੀਤਾ ਗਿਆ ਹੈ। ਸੈਣੀ ਇਸ ਮਾਮਲੇ ਵਿੱਚ ਇਰਾਦਾ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਹਥਿਆਰ ਐਕਟ ਜਿਹੀਆਂ ਧਾਰਾਵਾਂ ਤਹਿਤ ਨਾਮਜ਼ਦ ਕੀਤੇ ਗਏ ਹਨ। ਡੀ.ਜੀ.ਪੀ. ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਭਾਵੇਂ ਉਨ੍ਹਾਂ ਨੂੰ ਆਰਜ਼ੀ ਤੌਰ ’ਤੇ ਅਦਾਲਤਾਂ ਤੋਂ ਰਾਹਤ ਮਿਲੀ ਹੋਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਟਾਲਿਆ ਜਾ ਰਿਹਾ ਹੈ।
ਬਹਿਬਲ ਕਲਾਂ ਤੇ ਕੋਟਕਪੂਰਾ ਵਿਖੇ ਦੋਵੇਂ ਥਾਵਾਂ ‘ਤੇ ਬਰਗਾੜੀ ਬੇਅਦਬੀ ਕਾਂਡ ਵਿਰੁੱਧ ਸ਼ਾਂਤਮਈ ਰੋਸ ਕਰਨ ਆਈਆਂ ਸੰਗਤਾਂ ‘ਤੇ ਪੁਲਿਸ ਵੱਲੋਂ 14 ਅਕਤੂਬਰ 2015 ਨੂੰ ਗੋਲੀਬਾਰੀ ਕੀਤੀ ਗਈ ਸੀ ਤੇ ਇਸ ਗੋਲੀਬਾਰੀ ਦੌਰਾਨ 2 ਸਿੰਘ ਵੀ ਸ਼ਹੀਦ ਹੋ ਗਏ ਸਨ ਤੇ ਇਸੇ ਤਰ੍ਹਾਂ ਕੋਟਕਪੂਰਾ ‘ਚ ਚਲਾਈਆਂ ਗਈਆਂ ਗੋਲੀਆਂ ‘ਚ ਵੀ ਸੰਗਤਾਂ ਜ਼ਖਮੀ ਹੋਈਆਂ ਸਨ। ਸਾਬਕਾ ਡੀ. ਜੀ. ਪੀ. ‘ਤੇ ਦੋਸ਼ ਹੈ ਕਿ ਉਨ੍ਹਾਂ ਦੇ ਹੁਕਮ ਮਿਲਣ ਤੋਂ ਬਾਅਦ ਹੀ ਸੰਗਤਾਂ ‘ਤੇ ਗੋਲੀ ਚਲਾਈ ਗਈ ਸੀ ਤੇ ਇਸ ਦੇ ਨਾਲ ਹੀ ਉਸ ਸਮੇਂ ਲੁਧਿਆਣਾ ਪੁਲਿਸ ਕਮਿਸ਼ਨਰ ਸ: ਪਰਮਰਾਜ ਸਿੰਘ ਉਮਰਾਨੰਗਲ ਲਗਾਤਾਰ ਫ਼ੋਨ ਰਾਹੀਂ ਸੈਣੀ ਦੀ ਸੰਪਰਕ ਵਿੱਚ ਸਨ। ਇਸ ਲਈ ਦੋਵਾਂ ਨੂੰ ਇਸ ਕੇਸ ‘ਚ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ।