511 new corona cases : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਹੁਣ ਘਟਣ ਲੱਗੇ ਹਨ। ਅੱਜ ਵੀਰਵਾਰ ਨੂੰ ਸੂਬੇ ਵਿੱਚ ਕੋਰੋਨਾ ਦੇ 511 ਪਾਜ਼ੀਟਿਵ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ, ਉਥੇ ਹੀ ਅੱਜ ਇਸ ਮਹਾਮਾਰੀ ਨਾਲ 29 ਲੋਕਾਂ ਨੇ ਦਮ ਤੋੜਿਆ। ਦੂਜੇ ਪਾਸੇ ਸੂਬੇ ’ਚ 1111 ਮਰੀਜ਼ਾਂ ਨੂੰ ਠੀਕ ਹੋਣ ’ਤੇ ਘਰਾਂ ਲਈ ਰਵਾਨਾ ਕੀਤਾ ਗਿਆ। ਅੱਜ ਸੂਬੇ ਵਿੱਚ ਕੋਰੋਨਾ ਨਾਲ ਅੰਮ੍ਰਿਤਸਰ, ਬਠਿੰਡਾ, ਫਤਹਿਗੜ੍ਹ ਸਾਹਿਬ, ਫਾਜ਼ਿਲਕਾ, ਮੁਕਤਸਰ ਤੇ ਪਟਿਆਲਾ ਵਿੱਚ 1-1 ਮਰੀਜ਼ ਨੇ ਅਤੇ ਗੁਰਦਾਸਪੁਰ, ਜਲੰਧਰ, ਕਪੂਰਥਲਾ ਵਿੱਚ 2-2, ਲੁਧਿਆਣਾ ਵਿੱਚ 3 ਅਤੇ ਰੋਪੜ ਵਿੱਚ 5 ਮਰੀਜ਼ਾਂ ਦੀ ਜਾਨ ਗਈ। ਸਭ ਤੋਂ ਵੱਧ ਮੌਤਾਂ ਮੋਹਾਲੀ ਜ਼ਿਲ੍ਹੇ ਵਿੱਚ ਹੋਈਆਂ ਜਿਥੇ ਇੱਕੋ ਹੀ ਦਿਨ ਵਿੱਚ 9 ਮਰੀਜ਼ਾਂ ਨੇ ਦਮ ਤੋੜਿਆ। ਸੂਬੇ ਵਿੱਚ ਅੱਠ ਨਵੇਂ ਮਰੀਜ਼ਾਂ ਦੀ ਹਾਲਤ ਅੱਜ ਗੰਭੀਰ ਹੋਣ ’ਤੇ ਵੈਂਟੀਲੇਟਰ ’ਤੇ ਰੱਖਿਆ ਗਿਆ, ਜਿਨ੍ਹਾਂ ਵਿੱਚੋਂ ਚਾਰ ਮਰੀਜ਼ ਲੁਧਿਆਣਾ ਤੋਂ, ਪਟਿਆਲਾ ਤੇ ਹੁਸ਼ਿਆਰਪੁਰ ਤੋਂ ਇੱਕ-ਇੱਕ ਤੇ ਜਲੰਧਰ ’ਚ ਦੋ ਮਰੀਜ਼ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਹੁਣ ਤੱਕ ਪੂਰੇ ਪੰਜਾਬ ਵਿੱਚ 2247431 ਮਾਮਲੇ ਕੋਰੋਨਾ ਪਾਜ਼ੀਟਿਵ ਪਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 115186 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦਿੱਤੀ ਜਾ ਚੁੱਕੀ ਹੈ। ਅਜੇ ਵੀ ਸੂਬੇ ਵਿੱਚ 7090 ਮਾਮਲੇ ਐਕਟਿਵ ਹਨ ਜਿਨ੍ਹਾਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿਚੋਂ 167 ਮਰੀਜ਼ ਆਕਸੀਜਨ ਸੁਪੋਰਟ ‘ਤੇ ਹਨ, ਜਦਕਿ 32 ਮਰੀਜ਼ਾਂ ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਦੱਸ ਦੇਈਏ ਕਿ ਹੁਣ ਤੱਕ ਸੂਬੇ ਵਿੱਚ 3957 ਲੋਕਾਂ ਦੀ ਕੋਰੋਨਾ ਨਾਲ ਜਾਨ ਜਾ ਚੁੱਕੀ ਹੈ। ਹੁਣ ਤੱਕ ਸੂਬੇ ਵਿੱਚ ਕੋਰੋਨਾ ਦੇ 2247431 ਸੈਂਪਲ ਲਏ ਜਾ ਚੁੱਕੇ ਹਨ। ਅੱਜ ਵੀ 28517 ਲੋਕਾਂ ਦੇ ਕੋਰੋਨਾ ਦੇ ਸੈਂਪਲ ਲਏ ਗਏ ਹਨ। ਹਾਲਾਂਕਿ ਸੂਬੇ ਵਿੱਚ ਕੋਰੋਨਾ ਦੇ ਮਾਮਲੇ ਪਹਿਲਾਂ ਨਾਲੋਂ ਘੱਟ ਰਹੇ ਹਨ ਪਰ ਫਿਰ ਵੀ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਇਸ ਮਹਾਮਾਰੀ ਤੋਂ ਆਪਣੇ ਬਚਾਅ ਲਈ ਅਪੀਲ ਕੀਤੀ ਜਾ ਰਹੀ ਹੈ।