10th class student committed : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੜੇਵਾਨ ਵਿੱਚ ਮਾਪਿਆਂ ’ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਉਨ੍ਹਾਂ ਦੇ ਪੁੱਤਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦਸਵੀਂ ਦਾ ਵਿਦਿਆਰਥੀ ਸੀ ਅਤੇ ਉਸ ਦੀ ਪ੍ਰੀਖਿਆ ਵਿੱਚੋਂ ਦੁਬਾਰਾ ਕੰਪਾਰਟਮੈਂਟ ਆ ਗਈ ਸੀ, ਜਿਸ ਦੇ ਚੱਲਦਿਆਂ ਉਸ ਨੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ। ਮ੍ਰਿਤਕ ਦੀ ਪਛਾਣ 17 ਸਾਲਾ ਹਰਿੰਦਰ ਸਿੰਘ ਵਜੋਂ ਹੋਈ ਹੈ। ਹਰਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਉਸ ਦਾ ਅੱਜ 3 ਨਵੰਬਰ ਨੂੰ ਜਨਮ ਦਿਨ ਵੀ ਸੀ। ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ 174 ਦੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਕਰਵਾ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਹਰਿੰਦਰ ਸਿੰਘ ਇੱਕ ਨਿੱਜੀ ਸਕੂਲ ਦਾ ਦਸਵੀਂ ਸੀਬੀਐੱਸਈ ਦਾ ਵਿਦਿਆਰਥੀ ਸੀ। ਬੀਤੇ ਦਿਨ ਉਸ ਦਾ ਕੰਪਾਰਟਮੈਂਟ ਦਾ ਨਤੀਜਾ ਆਇਆ ਸੀ, ਜਿਸ ਵਿੱਚ ਉਹ ਦੂਸਰੀ ਵਾਰ ਫੇਲ੍ਹ ਹੋ ਗਿਆ। ਇਸ ਦੇ ਚੱਲਦਿਆਂ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਬੀਤੀ ਸਵੇਰ ਤੋਂ ਘਰੋਂ ਗਇਬ ਸੀ। ਜਦੋਂ ਪਰਿਵਾਰ ਵਾਲੇ ਉਸ ਨੂੰ ਲੱਭਦੇ ਹੋਏ ਘਰ ਦੀ ਛੱਤ ‘ਤੇ ਗਏ ਤਾਂ ਉਹ ਉਥੇ ਜ਼ਖਮੀ ਹਾਲਤ ਵਿੱਚ ਪਿਆ ਹੋਇਆ ਸੀ। ਉਸ ਨੇ ਖੁਦ ਨੂੰ ਗੋਲੀ ਮਾਰ ਲਈ ਸੀ। ਗੋਲੀ ਮ੍ਰਿਤਕ ਦੇ ਦਿਲ ਵਿੱਚ ਲੱਗੀ ਸੀ। ਉਸ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਿੰਡ ਦੇ ਇੱਕ ਵਸਨੀਕ ਮਨਜਿੰਦਰ ਸਿੰਘ ਨੇ ਦੱਸਿਆ ਕਿ ਲੜਕੇ ਦਾ ਅੱਜ 3 ਨਵੰਬਰ ਨੂੰ ਜਨਮ ਦਿਨ ਸੀ, ਜਦਕਿ ਅੱਜ ਉਨ੍ਹਾਂ ਦੇ ਘਰ ਵਿੱਚ ਮਾਤਮ ਛਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਪ੍ਰੇਮ ਨਾਥ ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜ਼ਖਮੀ ਹਾਲਤ ਵਿਚ ਨੌਜਵਾਨ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿਜੀ ਹਸਪਤਾਲ ਵਿਖੇ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਇਸ ਮਾਮਲੇ ਵਿਚ ਧਾਰਾ 174 ਦੀ ਕਾਰਵਾਈ ਕਰਨ ਉਪਰੰਤ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ।