Third notice sent by ED : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਫੇਮਾ ਸੰਬੰਧੀ ਮਾਮਲੇ ਵਿੱਚ ED ਵੱਲੋਂ ਲਗਾਤਾਰ ਨੋਟਿਸ ’ਤੇ ਨੋਟਿਸ ਭੇਜੇ ਜਾ ਰਹੇ ਹਨ ਪਰ ਉਹ ਅਜੇ ਤੱਕ ਇਸ ਦੀ ਜਾਂਚ ਵਿੱਚ ਸ਼ਾਮਲ ਤੋਂ ਭੱਜਦੇ ਨਜ਼ਰ ਆ ਰਹੇ ਹਨ। ਹੁਣ ਰਣਇੰਦਰ ਨੂੰ ਤੀਸਰੀ ਵਾਰ ਨੋਟਿਸ ਭੇਜ ਕੇ ਉਨ੍ਹਾਂ ਨੂੰ 19 ਨਵੰਬਰ ਨੂੰ ਜਲੰਧਰ ਦਫਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ ਤਾਂਜੋ ਉਨ੍ਹਾਂ ਤੋਂ ਵਿਦੇਸ਼ ਵਿੱਚ ਕਾਲਾ ਧਨ ਅਤੇ ਜਾਇਦਾਦ ਦੇ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾ ਸਕੇ। ਦੇਖਣ ਵਾਲੀ ਗੱਲ ਹੁਣ ਇਹ ਹੈ ਕਿ ਕੀ ਇਸ ਵਾਰ ਰਣਇੰਦਰ ਈਡੀ ਦੇ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ।
ਇਥੇ ਦੱਸਣਯੋਗ ਹੈ ਕਿ ਈਡੀ ਨੇ ਰਣਇੰਦਰ ਦੇ ਵਿਦੇਸ਼ੀ ਖਾਤਿਆਂ ਅਤੇ ਬ੍ਰਿਟਿਸ਼ ਆਈਸਲੈਂਡ ਵਿੱਚ ਟਰੱਸਟ ਬਣਾਉਣ ਦੇ ਸਬੰਧ ਵਿੱਚ ਫੇਮਾ ਅਧੀਨ ਇਨਕਮ ਟੈਕਸ ਵਿਭਾਗ ਵੱਲੋਂ ਕੀਤੀ ਜਾ ਰਹੀ ਜਾਂਚ ਤੋਂ ਬਾਅਦ ਈਡੀ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਈਡੀ ਨੇ ਦੋ ਵਾਰ ਰਣਇੰਦਰ ਸਿੰਘ ਨੂੰ ਪੇਸ਼ ਹੋਣ ਲਈ ਨੋਟਿਸ ਭੇਜੇ ਸਨ, ਜਿਸ ਵਿੱਚ ਪਹਿਲਾਂ ਉਸ ਨੂੰ 27 ਅਕਤੂਬਰ ਨੂੰ ਈਡੀ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਰਣਇੰਦਰ ਸਿੰਘ 27 ਅਕਤੂਬਰ ਨੂੰ ਈਡੀ ਦਫ਼ਤਰ ਵਿੱਚ ਪੇਸ਼ ਨਹੀਂ ਹੋਏ ਸਨ। ਉਨ੍ਹਾਂ ਦੇ ਵਕੀਲ ਜੈਵੀਰ ਸਿੰਘ ਸ਼ੇਰਗਿੱਲ ਨੇ ਟਵੀਟ ਕਰਕੇ 27 ਨੂੰ ਜਾਣਕਾਰੀ ਦਿੱਤੀ ਸੀ ਕਿ ਰਣਇੰਦਰ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਮੁਖੀ ਹਨ। 27 ਅਕਤੂਬਰ ਨੂੰ ਉਹ ਓਲੰਪਿਕ ਖੇਡਾਂ ਬਾਰੇ ਸੰਸਦੀ ਪੈਨਲ ਦੀ ਬੈਠਕ ਵਿਚ ਸ਼ਾਮਲ ਹੋਣਾ ਸੀ, ਇਸ ਲਈ, ਉਹ ਈਡੀ ਦਫਤਰ ਵਿੱਚ ਪੇਸ਼ ਨਹੀਂ ਹੋ ਸਕੇ। ਇਹ ਮੁਲਾਕਾਤ ਓਲੰਪਿਕ ਖੇਡਾਂ ਬਾਰੇ ਮਹੱਤਵਪੂਰਨ ਸੀ। ਰਣਇੰਦਰ ਦਾ ਲੰਬੇ ਸਮੇਂ ਤੱਕ ਈਡੀ ਦਫ਼ਤਰ ਵਿੱਚ ਇੰਤਜ਼ਾਰ ਹੁੰਦਾ ਰਿਹਾ ਸੀ।
ਈਡੀ ਨੇ ਪਹਿਲਾਂ ਇਨਕਮ ਟੈਕਸ ਵਿਭਾਗ ਦੇ ਸੰਬੰਧਤ ਦਸਤਾਵੇਜ਼ਾਂ ਦੀ ਮੰਗ ਕੀਤੀ ਸੀ, ਪਰ ਇਨਕਮ ਟੈਕਸ ਵਿਭਾਗ ਨੇ ਗੁਪਤ ਕਾਨੂੰਨ ਦੇ ਅਧਾਰ ‘ਤੇ ਦਸਤਾਵੇਜ਼ ਈਡੀ ਨੂੰ ਦੇਣ ਤੋਂ ਅਧਿਕਾਰਤ ਤੌਰ ‘ਤੇ ਇਨਕਾਰ ਕਰ ਦਿੱਤਾ ਸੀ। ਉਸ ਤੋਂ ਬਾਅਦ ਈਡੀ ਨੇ ਆਪਣੇ ਪੱਧਰ ਤੋਂ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਣਇੰਦਰ ਵੱਲੋਂ ਈਡੀ ਦਫ਼ਤਰ ਵਿੱਚ ਪੇਸ਼ ਹੋਣ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਗਿਆ ਸੀ। ਨਤੀਜੇ ਵਜੋਂ, ਈਡੀ ਨੇ ਉਨ੍ਹਾਂ ਨੂੰ 6 ਨਵੰਬਰ ਤੱਕ ਪੇਸ਼ ਹੋਣ ਦੀ ਮੋਹਲਤ ਦੇ ਦਿੱਤੀ ਸੀ ਪਰ ਸਿਹਤ ਕਾਰਨਾਂ ਦਾ ਹਵਾਲਾ ਦੇ ਕੇ ਰਣਇੰਦਰ ਉਸ ਦਿਨ ਵੀ ਈਡੀ ਦਫਤਰ ਵਿੱਚ ਪੇਸ਼ ਨਹੀਂ ਹੋਏ ਸਨ।