Bhog of Sri Akhand Path : ਅੰਮ੍ਰਿਤਸਰ : ਸਿੱਖ ਕੌਮ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਨੂੰ 15 ਨਵੰਬਰ 100 ਸਾਲ ਪੂਰੇ ਹੋ ਗਏ ਹਨ, ਜਿਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 100 ਸਾਲਾ ਸਥਾਪਨਾ ਦਿਵਸ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਇਸ ਮੌਕੇ ‘ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਥਾਪਤਨਾ ਦਿਵਸ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕੀਤਾ ਗਿਆ ਸੀ, ਜਿਸ ਦੇ ਅੱਜ ਭੋਗ ਪਾਏ ਗਏ। ਇਸ ਸ਼ੁਭ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਵਾਹਿਗੁਰੂ ਦੀ ਅਸੀਸ ਲਈ।
ਦੱਸਣਯੋਗ ਹੈ ਕਿ ਸਥਾਪਨਾ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ 14 ਨਵੰਬਰ ਨੂੰ ਇੱਕ ਇਤਿਹਾਸਕ ਚਿੱਤਰ ਪ੍ਰਦਰਸ਼ਨੀ ਨਾਲ ਕੀਤੀ ਗਈ ਸੀ। ਇਸ ਵਿੱਚ ਪੰਜਾਬ ਭਰ ਦੇ ਚਿੱਤਰਕਾਰਾਂ ਵੱਲੋਂ 32 ਚਿੱਤਰ ਤਿਆਰ ਕੀਤੇ ਗਏ ਸਨ। ਇਨ੍ਹਾਂ ਚਿੱਤਰਾਂ ਰਾਹੀਂ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਤੋਂ ਪਹਿਲਾਂ ਕੀਤੇ ਗਏ ਸੰਘਰਸ਼ ਦੇ ਨਾਲ-ਨਾਲ ਸਾਕਿਆਂ ਤੇ ਮੋਰਚਿਆਂ ਦੇ ਇਤਿਹਾਸ ਨੂੰ ਵੀ ਦਰਸਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 15 ਨਵੰਬਰ 1920 ਨੂੰ ਹੋਈ ਸੀ ਤੇ 1925 ‘ਚ ਇਹ ਪੱਕੇ ਤੌਰ ‘ਤੇ ਸਥਾਪਿਤ ਹੋਈ ਸੀ। ਇਸ ਦੀ ਸਰਕਾਰ ਤੋਂ ਮਾਨਤਾ ਪ੍ਰਾਪਤ ਪਹਿਲੀ ਚੋਣ 1926 ਵਿਚ ਹੋਈ, ਜਿਸ ‘ਚ ਭਾਰਤੀ ਚੋਣ ਦੇ ਇਤਿਹਾਸ ‘ਚ ਪਹਿਲੀ ਵਾਰ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ।
ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਚੋਣ ਸਿੱਖ ਸੰਗਤ ਆਪਣੇ ਮਤਦਾਨ ਨਾਲ ਕਰਦੀ ਹੈ। ਚੁਣੇ ਗਏ ਮੈਂਬਰ ਆਪਣੇ ਵਿਵੇਕ ਦੇ ਆਧਾਰ ਤੇ ਪ੍ਰਧਾਨ ਸਮੇਤ ਹੋਰ ਅਹੁਦੇਦਾਰ ਚੁਣਦੇ ਨੇ..ਜੋ ਪੂਰੀ ਤਰ੍ਹਾਂ ਤੋਂ ਲੋਕਤੰਤਰਿਕ ਤਰੀਕੇ ਨਾਲ ਹੁੰਦਾ ਹੈ। ਜਦੋਂ ਵੀ ਸਿੱਖਾਂ ਨਾਲ ਜੁੜਿਆ ਕੋਈ ਮਸਲਾ ਹੋਵੇ ਜਾਂ ਕੋਈ ਹਲਚਲ ਹੋਵੇ ਤਾਂ ਦੁਨੀਆ ਭਰ ਦੇ ਸਿੱਖਾਂ ਦਾ ਧਿਆਨ ਸਭ ਤੋਂ ਪਹਿਲਾਂ ਐੱਸ.ਜੀ.ਪੀ.ਸੀ ਵੱਲ ਜਾਂਦਾ ਹੈ|
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਈ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਹਸਪਤਾਲ ਚੱਲ ਰਹੇ ਹਨ ਅਤੇ ਇਸ ਸੰਸਥਾ ਵੱਲੋਂ ਲੋਕਾਂ ਦੀ ਸਹਾਇਤਾ ਲਈ ਵੀ ਵੱਧ-ਚੜ੍ਹ ਕੇ ਕੀਤੇ ਜਾਂਦੇ ਹਨ।