845 corona cases found : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਮੁੜ ਵਧਣ ਲੱਗੇ ਹਨ। ਅੱਜ ਵੀਰਵਾਰ ਨੂੰ ਕੋਰੋਨਾ ਦੇ 845 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਧ ਜਲੰਧਰ ਤੋਂ 167, ਮੋਹਾਲੀ ਤੋਂ 157 ਤੇ ਲਧਿਆਣਾ ਤੋਂ 111 ਲੋਕਾਂ ਦੀਆਂ ਰਿਪੋਰਟਾਂ ਕੋਰੋਨਾ ਪਾਜ਼ੀਟਿਵ ਪਾਈਆਂ ਗਈਆਂ। ਉਥੇ ਹੀ ਅੱਜ ਕੋਰੋਨਾ ਨਾਲ 26 ਲੋਕਾਂ ਦੀ ਮੌਤ ਹੋਈ, ਜਦਕਿ ਅੱਜ 467 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦੇ ਦਿੱਤੀ ਗਈ। ਦੱਸਣਯੋਗ ਹੈ ਕਿ ਅੱਜ ਸੂਬੇ ਵਿੱਚ ਕੋਰੋਨਾ ਨਾਲ ਅੰਮ੍ਰਿਤਸਰ ਤੋਂ 3, ਫਤਿਹਗੜ੍ਹ ਸਾਹਿਬ ਤੋਂ ਇੱਕ, ਗੁਰਦਾਸਪੁਰ ਤੋਂ ਇੱਕ, ਹੁਸ਼ਿਆਰਪੁਰ ਤੋਂ ਇੱਕ, ਜਲੰਧਰ ਤੋਂ ਤਿੰਨ, ਲੁਧਿਆਣਾ ਤੋਂ 6, ਮੋਗਾ ਤੋਂ ਇੱਕ, ਮੋਹਾਲੀ ਤੋਂ 4, ਮੁਕਤਸਰ ਤੋਂ ਇੱਕ, ਸ਼ਹੀਦ ਭਗਤ ਸਿੰਘ ਨਗਰ ਤੋਂ ਇੱਕ, ਪਠਾਨਕੋਟ ਤੋਂ ਇੱਕ,, ਪਟਿਆਲਾ ਤੋਂ ਦੋ ਤੇ ਰੋਪੜ ਤੋਂ ਇੱਕ ਮਰੀਜ਼ ਨੇ ਦਮ ਤੋੜਿਆ।
ਜ਼ਿਕਰਯੋਗ ਹੈ ਕਿ ਅੱਜ ਦੇ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਪੂਰੇ ਪੰਜਾਬ ਵਿੱਚ ਕੋਰੋਨਾ ਦੇ 149278 ਮਾਮਲੇ ਪਾਜ਼ੀਟਿਵ ਪਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 137089 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦਿੱਤੀ ਜਾ ਚੁੱਕੀ ਹੈ। ਅਜੇ ਵੀ ਸੂਬੇ ਵਿੱਚ 7479 ਮਾਮਲੇ ਐਕਟਿਵ ਹਨ ਜਿਨ੍ਹਾਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿਚੋਂ 150 ਮਰੀਜ਼ ਆਕਸੀਜਨ ਸੁਪੋਰਟ ‘ਤੇ ਹਨ, ਜਦਕਿ 14 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਦੱਸ ਦੇਈਏ ਕਿ ਹੁਣ ਤੱਕ ਸੂਬੇ ਵਿੱਚ 4710 ਲੋਕਾਂ ਦੀ ਕੋਰੋਨਾ ਨਾਲ ਜਾਨ ਜਾ ਚੁੱਕੀ ਹੈ। ਹੁਣ ਤੱਕ ਸੂਬੇ ਵਿੱਚ ਕੋਰੋਨਾ ਦੇ 3103006 ਸੈਂਪਲ ਲਏ ਜਾ ਚੁੱਕੇ ਹਨ। ਅੱਜ ਵੀ 27141 ਲੋਕਾਂ ਦੇ ਕੋਰੋਨਾ ਦੇ ਸੈਂਪਲ ਲਏ ਗਏ ਹਨ।
ਦੱਸਣਯੋਗ ਹੈ ਕਿ ਦਿੱਲੀ-ਐਨਸੀਆਰ ਦੀ ਗੰਭੀਰ ਸਥਿਤੀ ਅਤੇ ਪੰਜਾਬ ‘ਚ ਦੂਜੀ ਲਹਿਰ ਦੇ ਖਦਸ਼ੇ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਪੰਜਾਬ ਦੇ ਸਾਰੇ ਕਸਬਿਆਂ ਅਤੇ ਸ਼ਹਿਰਾਂ ‘ਚ ਰਾਤ ਦੇ ਕਰਫਿਊ ਨੂੰ ਦੁਬਾਰਾ ਲਾਗੂ ਕਰਨ ਸਮੇਤ ਰਾਜ ‘ਚ ਕਈ ਨਵੇਂ ਪਾਬੰਦੀਆਂ ਲਗਾਉਣ ਦੇ ਆਦੇਸ਼ ਦਿੱਤੇ ਹਨ। 1 ਦਸੰਬਰ ਤੋਂ ਮਾਸਕ ਨਾ ਪਹਿਨਣ ਜਾਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਜੁਰਮਾਨਾ 1000 ਰੁਪਏ ਕਰ ਦਿੱਤਾ ਗਿਆ ਹੈ। ਰਾਤ ਦੇ ਕਰਫਿਊ ਦਾ ਸਮਾਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ।