Bibi Jagir Kaur : ਬੀਬੀ ਜਗੀਰ ਕੌਰ ਐੱਸ. ਜੀ. ਪੀ. ਸੀ. ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਅਹੁਦੇ ਲਈ ਬੀਬੀ ਜਗੀਰ ਕੌਰ ਦੇ ਨਾਂ ਦੀ ਪੇਸ਼ਕਸ਼ ਸਾਬਕਾ ਪ੍ਰਧਾਨ ਸ. ਅਲਵਿੰਦਰਪਾਲ ਸਿੰਘ ਵੱਲੋਂ ਕੀਤੀ ਗਈ। ਇਸ ਤੋਂ ਪਹਿਲਾਂ ਵੀ ਬੀਬੀ ਜਗੀਰ ਕੌਰ ਦੋ ਵਾਰ 1999 ਅਤੇ 2004 ‘ਚ ਐੱਸ. ਜੀ. ਪੀ. ਸੀ. ਦੀ ਪ੍ਰਧਾਨ ਰਹਿ ਚੁੱਕੇ ਹਨ। ਉਹ ਸ਼੍ਰੋਮਣੀ ਕਮੇਟੀ ਦੇ 43ਵੇਂ ਪ੍ਰਧਾਨ ਬਣੇ ਹਨ। ਉਹ ਹਾਲ ਦੀ ਘੜੀ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਪ੍ਰਧਾਨ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਸਨ। ਬੀਬੀ ਜਗੀਰ ਕੌਰ ਅਤੇ ਮਿੱਠੂ ਸਿੰਘ ਕਾਹਨੇਕੇ ਵਿਚਕਾਰ ਐਸ ਜੀ ਪੀ ਸੀ ਦੀ ਪ੍ਰਧਾਨਗੀ ਲਈ ਮੈਂਬਰਾਂ ਵਲੋਂ ਵੋਟਾਂ ਪਾਈਆਂ ਗਈਆਂ। ਜਿਸ ‘ਚ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਚੁਣ ਲਿਆ ਗਿਆ । ਵੋਟਾਂ ‘ਚ ਬੀਬੀ ਜਗੀਰ ਕੌਰ ਨੇ ਬਾਜ਼ੀ ਮਾਰੀ। ਪ੍ਰਧਾਨ ਅਹੁਦੇ ਲਈ ਕੁੱਲ 143 ਵੋਟਾਂ ਪਾਈਆਂ ਗਈਆਂ ਜਿਸ ‘ਚ ਬੀਬੀ ਜਗੀਰ ਕੌਰ ਨੂੰ 122 ਅਤੇ ਮਿੱਠੂ ਸਿੰਘ ਨੂੰ 20 ਵੋਟਾਂ ਮਿਲੀਆਂ। ਇੱਕ ਵੋਟ ਰੱਦ ਹੋਇਆ। ਸੁਰਜੀਤ ਸਿੰਘ ਸੀਨੀਅਰ ਉਪ ਪ੍ਰਧਾਨ, ਬੂਟਾ ਸਿੰਘ ਜੂਨੀਅਰ ਉਪ ਪ੍ਰਧਾਨ ਤੇ ਭਗਵੰਤ ਸਿੰਘ ਜਨਰਲ ਸਕੱਤਰ ਚੁਣੇ ਗਏ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਭਾਈ ਲੌਂਗੋਵਾਲ ਨੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਚੁਣੇ ਜਾਣ ’ਤੇ ਵਧਾਈ ਦਿੱਤੀ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਪ੍ਰਧਾਨ ਬਣੇ ਹਨ ਅਤੇ ਉਹ ਕੌਮੀ ਕਾਰਜਾਂ ਅਤੇ ਧਰਮ ਪ੍ਰਚਾਰ ਲਈ ਹਰ ਇਕ ਦਾ ਸਹਿਯੋਗ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਇਕ ਪਰਿਵਾਰ ਹੈ, ਜਿਸ ਵਿਚ ਹਰ ਇਕ ਦਾ ਸਤਿਕਾਰ ਕੀਤਾ ਜਾਵੇਗਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਮਤਭੇਦ ਭੁਲਾ ਕੇ ਇਕਜੁੱਟਤਾ ਨਾਲ ਹੀ ਪੰਥਕ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਹੱਲ ਸੰਭਵ ਹੈ ਅਤੇ ਇਸੇ ਦਿਸ਼ਾ ਵਿਚ ਹੀ ਉਹ ਅੱਗੇ ਵਧਣਗੇ। ਪਿਛਲੇ ਦਿਨੀਂ SGPC ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ‘ਚ ਐੱਸ. ਜੀ. ਪੀ. ਸੀ. ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਬੈਠਕ ਕਰਕੇ ਪ੍ਰਧਾਨ ਦੀ ਚੋਣ ਦੇ ਅਧਿਕਾਰ ਸਰਬ ਸੰਮਤੀ ਨਾਲ ਉਨ੍ਹਾਂ ਨੂੰ ਸੌਂਪ ਦਿੱਤਾ ਸੀ।
SGPC ਦੇ 191 ਮੈਂਬਰ ਹਨ ਜਿਨ੍ਹਾਂ ‘ਚੋਂ 5 ਤਖਤਾਂ ਦੇ ਜਥੇਦਾਰ, ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਤੇ 15 ਹੋਰ ਮੈਂਬਰ ਹਨ। SGPC ਦੇ ਸੰਵਿਧਾਨ ਮੁਤਾਬਕ 170 ਮੈਂਬਰਾਂ ਦੀ ਚੋਣ ਵੋਟਾਂ ਰਾਹੀਂ ਹੁੰਦੀ ਹੈ। ਹਰ ਸਾਲ 30 ਨਵੰਬਰ ਤੋਂ ਪਹਿਲਾਂ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਤੇ ਕਾਰਜਕਾਰੀ ਮੈਂਬਰ ਤੇ ਅਧਿਕਾਰੀਆਂ ਦਾ ਚੋਣ ਕਰਵਾਉਣਾ ਹੁੰਦਾ ਹੈ। ਇਸ ਸਮੇਂ ਜ਼ਿਆਦਾ ਮੈਂਬਰ ਅਕਾਲੀ ਦਲ ਬਾਦਲ ਦੇ ਹਨ ਅਤੇ ਉਨ੍ਹਾਂ ਨੇ ਪ੍ਰਧਾਨ ਤੇ ਹੋਰ ਅਹੁਦਿਆਂ ਦੀ ਚੋਣ ਦਾ ਅਧਿਕਾਰ ਪਾਰਟੀ ਪ੍ਰਧਾਨ ਸ. ਸੁਖਬੀਰ ਬਾਦਲ ਨੂੰ ਸੌਂਪ ਦਿੱਤਾ ਹੈ। ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਤੇ ਸਿੰਘ ਸਾਹਿਬਾਨ ਦਾ ਖਾਸ ਤੌਰ ‘ਤੇ ਧੰਨਵਾਦ ਕੀਤਾ ਤੇ ਬਾਅਦ ‘ਚ ਬੀਬੀ ਜਗੀਰ ਕੌਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਅਦਾ ਕੀਤਾ।
ਇਹ ਵੀ ਪੜ੍ਹੋ : ਪੰਜਾਬੀਆਂ ਨੇ ਦਿੱਲੀ ਨੂੰ ਪਾਇਆ ਵਖਤ, ਦੇਖੋ ਕਿਵੇਂ ਢਹਿਣਗੇ ਦਿੱਲੀ ਦੇ ਕਿੰਗਰੇ !