Punjab farmer died in haryana: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 22ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ । ਇਸ ਮਾਮਲੇ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਹ ਅੰਦੋਲਨ ਨੂੰ ਖਤਮ ਨਹੀਂ ਕਰਨਗੇ। ਇਸ ਸੰਘਰਸ਼ ਦੌਰਾਨ ਕਈ ਕਿਸਾਨਾਂ ਨੇ ਆਪਣੀਆਂ ਜਾਨਾਂ ਵੀ ਗਵਾਈਆਂ ਹਨ।
ਇਸੇ ਤਰਾਂ ਦੀ ਇੱਕ ਮੰਦਭਾਗੀ ਖਬਰ ਕਰਨਾਲ ਤੋਂ ਆਈ ਹੈ, ਜਿੱਥੇ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਜਾ ਰਿਹਾ ਇੱਕ 16 ਸਾਲਾ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਦਰਅਸਲ ਹੁਸ਼ਿਆਰਪੁਰ ਦੇ ਪਿੰਡ ਥਾਣੇ ਦੇ ਕਿਸਾਨ ਟਰੈਕਟਰ ਟਰਾਲੀ ਵਿੱਚ ਸਵਾਰ ਹੋ ਕੇ ਦਿੱਲੀ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸੀ, ਅਤੇ ਗੁਰਵਿੰਦਰ ਸਿੰਘ ਨਾਮ ਦਾ ਇੱਕ ਨੌਜਵਾਨ ਵੀ ਇਸ ਜੱਥੇ ਵਿੱਚ ਸ਼ਾਮਿਲ ਸੀ, ਗੁਰਵਿੰਦਰ ਟਰਾਲੀ ਦੇ ਡਾਲੇ ‘ਤੇ ਬੈਠਾ ਸੀ। ਪਰ ਅਚਾਨਕ ਨੀਂਦ ਆਉਣ ਕਾਰਨ ਗੁਰਵਿੰਦਰ ਡਾਲੇ ਤੋਂ ਹੇਠਾਂ ਡਿੱਗ ਗਿਆ ਜਿਸ ਤੋਂ ਬਾਅਦ ਪਿੱਛੋਂ ਆ ਰਿਹਾ ਇੱਕ ਹੋਰ ਟਰੈਕਟਰ ਉਸ ਦੇ ਉਪਰੋਂ ਦੀ ਲੰਘ ਗਿਆ ਅਤੇ ਇਸ ਮੰਦਭਾਗੇ ਹਾਦਸੇ ਵਿੱਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਤੁਹਾਨੂੰ ਦੱਸ ਦੇਈਏ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਸਮੇਤ ਕਈ ਮੰਗਾਂ ਕਾਰਨ ਕਿਸਾਨ ਪਿੱਛਲੇ 22 ਦਿਨਾਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਡਟੇ ਹੋਏ ਹਨ। ਹਜ਼ਾਰਾਂ ਕਿਸਾਨ ਆਪਣੇ ਟਰੈਕਟਰਾਂ ਟਰਾਲੀਆਂ ਵਿੱਚ ਰਾਤ ਕੱਟ ਰਹੇ ਹਨ। ਠੰਡੇ ਮੌਸਮ ਦੌਰਾਨ ਵੀ ਕਿਸਾਨਾਂ ਦਾ ਹੌਂਸਲਾ ਬੁਲੰਦ ਹੈ। ਸਿੰਘੂ, ਟਕਰੀ, ਗਾਜੀਪੁਰ ਅਤੇ ਚਿੱਲਾ ਸਰਹੱਦਾਂ ‘ਤੇ ਕਿਸਾਨਾਂ ਦਾ ਇਕੱਠ ਹੋ ਰਿਹਾ ਹੈ, ਜਿਨ੍ਹਾਂ ਨੂੰ ਵਿਰੋਧੀ ਧਿਰ ਦਾ ਸਮਰਥਨ ਵੀ ਮਿਲ ਰਿਹਾ ਹੈ। ਸਰਕਾਰ ਅਤੇ ਕਿਸਾਨਾਂ ਦਰਮਿਆਨ ਖੇਤੀਬਾੜੀ ਕਨੂੰਨ ਪ੍ਰਤੀ ਡੈੱਡਲਾਕ ਨੂੰ ਘਟਾਉਣ ਲਈ 6 ਗੇੜ ਦੀ ਗੱਲਬਾਤ ਹੋ ਚੁੱਕੀ ਹੈ, ਪਰ ਅਜੇ ਤੱਕ ਕੋਈ ਹੱਲ ਨਹੀਂ ਮਿਲਿਆ।
ਇਹ ਵੀ ਦੇਖੋ : ਹੁਣ ਕਿਸਾਨਾਂ ਲਈ ਛੱਡਿਆ DIG ਦਾ ਅਹੁਦਾ, ਪਹਿਲਾਂ ਰਾਜੋਆਣਾ ਨੂੰ ਫਾਂਸੀ ਦੇਣ ਤੋਂ ਕੀਤਾ ਸੀ ਇਨਕਾਰ…