Sri Japji Sahib (Part 13th) : ਸ੍ਰੀ ਜਪੁਜੀ ਸਾਹਿਬ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਦਾ ਜ਼ਿਕਰ ਕੀਤਾ ਹੈ, ਜੋ ਇੰਨੀਆਂ ਵੱਡੀਆਂ ਹਨ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ। ਜਗਤ ਵਿਚ ਜੋ ਵੱਡੇ ਵੱਡੇ ਦਿੱਸਦੇ ਹਨ, ਇਹ ਸਭ ਉਸ ਪ੍ਰਭੂ ਦੇ ਦਰ ‘ਤੇ ਹੀ ਮੰਗਦੇ ਹਨ। ਉਹ ਤਾਂ ਸਗੋਂ ਇਤਨਾ ਵੱਡਾ ਹੈ ਕਿ ਜੀਵਾਂ ਦੇ ਮੰਗਣ ਤੋ ਬਿਨਾਂ ਇਹਨਾਂ ਦੀਆਂ ਲੋੜਾਂ ਜਾਣ ਕੇ ਆਪਣੇ ਆਪ ਹੀ ਦਾਤਾਂ ਦੇਈ ਜਾਂਦਾ ਹੈ। ਪਰ ਜੀਵ ਦੀ ਮੂਰਖਤਾ ਵੇਖੋ! ਦਾਤਾਂ ਨੂੰ ਭੋਗਦੇ ਹੋਏ ਦਾਤਾਰ ਨੂੰ ਵਿਸਾਰ ਕੇ ਵਿਕਾਰਾਂ ਵਿਚ ਪੈ ਜਾਂਦਾ ਹੈ ਤੇ ਕਈ ਦੁੱਖ-ਕਲੇਸ਼ ਸਹੇੜ ਲੈਂਦਾ ਹੈ। ਇਹ ਦੁੱਖ-ਕਲੇਸ਼ ਭੀ ਪ੍ਰਭੂ ਦੀ ਦਾਤ ਹੈ, ਕਿਉਂਕਿ ਇਨ੍ਹਾਂ ਦੁੱਖਾਂ-ਕਲੇਸ਼ਾਂ ਦੇ ਕਾਰਣ ਹੀ ਮਨੁੱਖ ਨੂੰ ਮੁੜ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ ਤੇ ਇਹ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹੈ। ਇਹ ਸਿਫ਼ਤਿ-ਸਾਲਾਹ ਸਭ ਤੋਂ ਉੱਚੀ ਦਾਤ ਹੈ।
ਬਹੁਤਾ ਕਰਮੁ ਲਿਖਿਆ ਨਾ ਜਾਇ ॥ ਵਡਾ ਦਾਤਾ ਤਿਲੁ ਨ ਤਮਾਇ ॥ ਕੇਤੇ ਮੰਗਹਿ ਜੋਧ ਅਪਾਰ ॥ ਕੇਤਿਆ ਗਣਤ ਨਹੀ ਵੀਚਾਰੁ ॥ ਕੇਤੇ ਖਪਿ ਤੁਟਹਿ ਵੇਕਾਰ ॥ ਕੇਤੇ ਲੈ ਲੈ ਮੁਕਰੁ ਪਾਹਿ ॥ ਕੇਤੇ ਮੂਰਖ ਖਾਹੀ ਖਾਹਿ ॥ ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥
ਅਕਾਲ ਪੁਰਖ ਬੜੀਆਂ ਦਾਤਾਂ ਦੇਣ ਵਾਲਾ ਹੈ, ਉਸ ਨੂੰ ਰਤਾ ਭੀ ਲਾਲਚ ਨਹੀਂ। ਉਸ ਦੀ ਬਖ਼ਸ਼ਸ਼ ਏਡੀ ਵੱਡੀ ਹੈ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ। ਬੇਅੰਤ ਸੂਰਮੇ ਅਤੇ ਕਈ ਹੋਰ ਅਜਿਹੇ, ਜਿਨ੍ਹਾਂ ਦੀ ਗਿਣਤੀ ‘ਤੇ ਵਿਚਾਰ ਨਹੀਂ ਹੋ ਸਕਦੀ, ਅਕਾਲ ਪੁਰਖ ਦੇ ਦਰ ‘ਤੇ ਮੰਗ ਰਹੇ ਹਨ, ਕਈ ਜੀਵ ਉਸ ਦੀਆਂ ਦਾਤਾਂ ਭੋਗ ਕੇ ਵਿਕਾਰਾਂ ਵਿਚ ਹੀ ਖਪ-ਖਪ ਕੇ ਨਾਸ਼ ਹੋ ਜਾਂਦੇ ਹਨ। ਬੇਅੰਤ ਜੀਵ ਅਕਾਲ ਪੁਰਖ ਦੇ ਦਰ ਤੋਂ ਪਦਾਰਥ ਪ੍ਰਾਪਤ ਕਰ ਕੇ ਮੁਕਰ ਪੈਂਦੇ ਹਨ ਭਾਵ, ਕਦੇ ਸ਼ੁਕਰ ਵਿਚ ਆ ਕੇ ਇਹ ਨਹੀ ਆਖਦੇ ਕਿ ਸਭ ਪਦਾਰਥ ਪ੍ਰਭੂ ਆਪ ਦੇ ਰਿਹਾ ਹੈ। ਅਨੇਕਾਂ ਮੂਰਖ ਪਦਾਰਥ ਲੈ ਕੇ ਖਾਹੀ ਹੀ ਜਾਂਦੇ ਹਨ ਪਰ ਦੇਣ ਵਾਲੇ ਦਾਤਾਰ ਨੂੰ ਚੇਤੇ ਨਹੀਂ ਰੱਖਦੇ।
ਬੰਦਿ ਖਲਾਸੀ ਭਾਣੈ ਹੋਇ ॥ ਹੋਰੁ ਆਖਿ ਨ ਸਕੈ ਕੋਇ ॥ ਜੇ ਕੋ ਖਾਇਕੁ ਆਖਣਿ ਪਾਇ ॥ ਓਹੁ ਜਾਣੈ ਜੇਤੀਆ ਮੁਹਿ ਖਾਇ ॥ ਆਪੇ ਜਾਣੈ ਆਪੇ ਦੇਇ ॥ ਆਖਹਿ ਸਿ ਭਿ ਕੇਈ ਕੇਇ ॥ ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ ਪਾਤਿਸਾਹੁ ॥25॥
ਬੰਧਨ (ਮੋਹ-ਮਾਇਆ) ਤੋਂ ਛੁਟਕਾਰਾ ਅਕਾਲ ਪੁਰਖ ਦੀ ਰਜ਼ਾ ਵਿਚ ਤੁਰਿਆਂ ਹੀ ਹੁੰਦਾ ਹੈ। ਰਜ਼ਾ ਤੋਂ ਬਿਨਾ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ (ਭਾਵ, ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜ਼ਾ ਵਿਚ ਤੁਰਨ ਤੋਂ ਬਿਨਾ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਭੀ ਹੋ ਸਕਦਾ ਹੈ) ਪਰ ਜੇ ਕੋਈ ਮੂਰਖ ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਦੱਸਣ ਦਾ ਜਤਨ ਕਰੇ ਤਾਂ ਉਹੀ ਜਾਣਦਾ ਹੈ ਜਿਤਨੀਆਂ ਚੋਟਾਂ ਉਹ (ਇਸ ਮੂਰਖਤਾ ਦੇ ਕਾਰਨ) ਆਪਣੇ ਮੂੰਹ ਉੱਤੇ ਖਾਂਦਾ ਹੈ (ਭਾਵ, ‘ਕੂੜ’ ਤੋਂ ਬਚਣ ਲਈ ਇਕੋ ਹੀ ਤਰੀਕਾ ਹੈ ਕਿ ਮਨੁੱਖ ਰਜ਼ਾ ਵਿਚ ਤੁਰੇ। ਪਰ ਜੇ ਕੋਈ ਮੂਰਖ ਕੋਈ ਹੋਰ ਤਰੀਕਾ ਭਾਲਦਾ ਹੈ ਤਾਂ ਇਸ ‘ਕੂੜ’ ਤੋਂ ਬਚਣ ਦੇ ਥਾਂ ਸਗੋਂ ਵਧੀਕ ਦੁਖੀ ਹੁੰਦਾ ਹੈ)। ਅਨੇਕਾਂ ਮਨੁੱਖ ਇਹ ਗੱਲ ਭੀ ਆਖਦੇ ਹਨ ਕਿ ਅਕਾਲ ਪੁਰਖ ਆਪ ਹੀ ਜੀਵਾਂ ਦੀਆਂ ਲੋੜਾਂ ਜਾਣਦਾ ਹੈ ਤੇ ਆਪ ਹੀ (ਦਾਤਾਂ) ਦਿੰਦਾ ਹੈ। ਹੇ ਨਾਨਕ! ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫ਼ਤਿ-ਸਾਲਾਹ ਬਖਸ਼ਦਾ ਹੈ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ। ਸਿਫ਼ਤਿ-ਸਾਲਾਹ ਹੀ ਸਭ ਤੋਂ ਉੱਚੀ ਦਾਤਿ ਹੈ।