BSF hands over 6 Pakistani : ਅੰਮ੍ਰਿਤਸਰ ਬਾਰਡਰ ਤੋਂ ਸ਼ੁੱਕਰਵਾਰ ਸ਼ਾਮ ਨੂੰ ਬੀਐਸਐਫ ਵੱਲੋਂ ਛੇ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜੋਕਿ ਸਰਹੱਦ ਪਾਰ ਕਰਕੇ ਭਾਰਤੀ ਇਲਾਕੇ ਵਿੱਚ ਦਾਖਲ ਹੋਏ ਸਨ। ਪੁੱਛਗਿੱਛ ਦੌਰਾਨ ਇਹ ਪਤਾ ਲੱਗਾ ਕਿ ਉਹ ਅਣਜਾਣੇ ਵਿਚ ਭਾਰਤ ਦੀ ਹੱਦ ਨੂੰ ਪਾਰ ਕਰ ਗਏ ਸਨ। ਉਨ੍ਹਾਂ ਕੋਲੋਂ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਕੀਤੀ ਗਈ। ਬੀਐਸਐਫ ਨੇ ਪਾਕਿਸਤਾਨ ਰੇਂਜਰਾਂ ਨਾਲ ਸੰਪਰਕ ਕੀਤਾ ਅਤੇ ਇਸ ਮਾਮਲੇ ‘ਤੇ ਆਪਣਾ ਵਿਰੋਧ ਜਤਾਇਆ। ਇਸ ਤੋਂ ਬਾਅਦ, ਪਾਕਿਸਤਾਨ ਰੇਂਜਰਾਂ ਦੀ ਬੇਨਤੀ ‘ਤੇ ਉਕਤ ਫੜੇ ਗਏ ਮਨੁੱਖਤਾ ਦੇ ਅਧਾਰ ‘ਤੇ ਅਣਜਾਣੇ ਵਿੱਚ ਸਰਹੱਦ ਪਾਰ ਕਰਨ ਵਾਲੇ ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿ ਰੇਂਜਰਾਂ ਨੂੰ ਸੌਂਪ ਦਿੱਤਾ ਗਿਆ।
ਦੱਸਣਯੋਗ ਹੈ ਕਿ ਇਹ ਨੌਜਵਾਨ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਘੁੰਮ ਰਹੇ ਸਨ। ਇਹ ਛੇ ਨੌਜਵਾਨ 20 ਤੋਂ 21 ਸਾਲ ਦੇ ਵਿਚਕਾਰ ਹਨ। ਨੌਜਵਾਨਾਂ ਤੋਂ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਦੀ ਸਾਂਝੀ ਟੀਮ ਪੁੱਛ-ਗਿੱਛ ਕੀਤੀ ਗਈ। ਇਹ ਸਾਰੇ ਨੌਜਵਾਨ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਰਹਿਣ ਵਾਲੇ ਹਨ। ਗ੍ਰਿਫਤਾਰ ਕੀਤੇ ਗਏ ਪਾਕਿਸਤਾਨੀ ਨੌਜਵਾਨਾਂ ਦੀ ਪਛਾਣ ਮੁਹੰਮਦ ਆਸਿਫ਼ (25) ਪੁੱਤਰ ਆਸ਼ਿਕ ਹੁਸੈਨ, ਮੁਹੰਮਦ ਉਮਰ ਫਾਰੂਕ (21) ਪੁੱਤਰ ਮੁਹੰਮਦ ਅਯੂਬ, ਮੁਹੰਮਦ ਆਰਿਫ਼ (22) ਪੁੱਤਰ ਸ਼ਹਿਜ਼ਾਦ ਖਾਨ, ਮੁਹੰਮਦ ਅਰਸਲਾਂ (14) ਪੁੱਤਰ ਬਿਲਾਲ ਵਾਸੀ ਪਿੰਡ ਕੋਕਰ, ਥਾਣਾ ਸਦਰ ਡੇਰਾ ਮੁਸਕਾਨ ਖਾਨ, ਇਸਮਾਈਲ ਖਾਨ ਦੇ ਜ਼ਿਲ੍ਹਾ ਡੇਰਾ ਨਿਵਾਸੀ ਵਜੋਂ ਹੋਈ ਹੈ। ਉਥੇ ਹੀ ਦੂਸਰੇ ਦੋ ਨੌਜਵਾਨ ਰਾਜਾ ਅੱਬਾਸ (19) ਪੁੱਤਰ ਗੁਲਾਮ ਸਾਬੀਰ ਅਤੇ ਸ਼ੌਕਤ (18) ਪੁੱਤਰ ਯਾਸੀਨ ਪਿੰਡ ਹਿੰਮਤ ਥਾਣਾ ਡੇਰਾ ਮੁਸਕਾਨ ਖਾਨ, ਜ਼ਿਲ੍ਹਾ ਡੇਰਾ ਇਸਮਾਈਲ ਖਾਨ ਦੇ ਰਹਿਣ ਵਾਲੇ ਸਨ।
ਇਸ ਤੋਂ ਪਹਿਲਾਂ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦਾ ਵਸਨੀਕ ਅਲੀ ਹੈਦਰ 31 ਦਸੰਬਰ ਨੂੰ ਗਲਤੀ ਨਾਲ ਕੰਟਰੋਲ ਰੇਖਾ ਨੂੰ ਪਾਰ ਕਰ ਗਿਆ ਸੀ। ਉਸ ਨੂੰ ਭਾਰਤੀ ਫੌਜ ਨੇ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਸੀ। ਉਥੇ ਹੀ ਪਿਛਲੇ ਸਾਲ ਵੀ 6 ਅਣਪਛਾਤੇ ਸਰਹੱਦ ਪਾਰ ਕਰਨ ਵਾਲਿਆਂ ਨੂੰ ਸਰਹੱਦੀ ਸੁਰੱਖਿਆ ਬਲ ਪੰਜਾਬ ਫਰੰਟੀਅਰ ਨੇ ਮਨੁੱਖਤਾ ਦੇ ਅਧਾਰ ‘ਤੇ ਪਾਕਿਸਤਾਨ ਰੇਂਜਰਾਂ ਨੂੰ ਸੌਂਪ ਦਿੱਤਾ ਗਿਆ ਸੀ।