In Karnal Case FIR : ਕਰਨਾਲ : ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਕੈਮਲਾ ਵਿਖੇ ਭਾਜਪਾ ਵੱਲੋਂ ਕਿਸਾਨ ਮਹਾਂਪੰਚਾਇਤ ਤੋਂ ਪਹਿਲਾਂ ਕਿਸਾਨਾਂ ਵੱਲੋਂ ਕੀਤੀ ਗਈ ਭੰਨ-ਤੋੜ ਦੇ ਮਾਮਲੇ ਵਿੱਚ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਸਣੇ 71 ਲੋਕਾਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ ਅਤੇ 900 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਅਜੇ ਇਸ ਸੰਬੰਧੀ ਸਾਹਮਣੇ ਆਈਆਂ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੋਰ ਵੀ ਲੋਕਾਂ ’ਤੇ ਐਫਆਈਆਰ ਕੀਤੀ ਜਾ ਸਕਦੀ ਹੈ।
ਦੱਸ ਦੇਈਏ ਕਿ ਐਤਵਾਰ ਨੂੰ ਕਿਸਾਨ ਮਹਾਪੰਚਾਇਤ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੰਬੋਧਨ ਕਰਨਾ ਸੀ। ਇਸ ਦਾ ਵਿਰੋਧ ਕਰਨ ਲਈ ਹਜ਼ਾਰਾਂ ਕਿਸਾਨ ਇਕੱਠੇ ਹੋਏ ਸਨ ਅਤੇ ਹੰਗਾਮਾ ਕਰ ਦਿੱਤਾ। ਕਿਸਾਨਾਂ ਨੇ ਹੈਲੀਪੈਡ ਨੂੰ ਕੱਸੀਆਂ ਨਾਲ ਪੁੱਟ ਦਿੱਤਾ ਅਤੇ ਰੈਲੀ ਵਾਲੀ ਥਾਂ ‘ਤੇ ਟੈਂਟ ਉਖਾੜ ਦਿੱਤੇ। ਪੁਲਿਸ ਨੇ ਉਨ੍ਹਾਂ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਨਹੀਂ ਮੰਨੇ। ਪੁਲਿਸ ਨੇ ਜੋਸ਼ ਵਿੱਚ ਆਏ ਕਿਸਾਨਾਂ ’ਤੇ ਠੰਡੇ ਪਾਣੀ ਦੀਆਂ ਬੌਛਾਰਾਂ ਅਤੇ ਹੰਝੂ ਗੈਸ ਦੇ ਗੋਲੇ ਦਾਗੇ ਹਨ। ਇਸ ਦੇ ਨਾਲ ਉਥੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਸੈਂਕੜੇ ਕਿਸਾਨ ਆਲੇ-ਦੁਆਲੇ ਦੇ ਖੇਤਰ ਤੋਂ ਇਕੱਠੇ ਹੋਏ ਹਨ। ਪੁਲਿਸ ਨਾਲ ਝੜਪ ਤੋਂ ਬਾਅਦ ਇਹ ਸਾਰੇ ਕਿਸਾਨ ਹੁਣ ਪਿੰਡਾਂ ਅਤੇ ਖੇਤਾਂ ਵੱਲ ਵਧ ਗਏ ਹਨ। ਉਥੇ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਇਸ ਤੋਂ ਬਾਅਦ ਸੀਐਮ ਖੱਟਰ ਨੇ ਇਹ ਦੌਰਾ ਰੱਦ ਕਰ ਦਿੱਤਾ ਸੀ।
ਪੁਲਿਸ ਨੇ ਭੀੜ ‘ਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ 900 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਇੱਕ ਵੀਡੀਓ ਵੀ ਵਾਇਰਲ ਹੋਣ ਬਾਰੇ ਵੀ ਕਿਹਾ ਜਾ ਰਿਹਾ ਜਿਸ ਕਾਰਨ ਉਨ੍ਹਾਂ ‘ਤੇ ਕਿਸਾਨਾਂ ਨੂੰ ਭੜਕਾਉਣ ਦੇ ਦੋਸ਼ ਲ ਲਗਾਏ ਗਏ ਹਨ। ਖੱਟਰ ਨੇ ਵੀ ਇਸ ਲਈ ਚੜੂਨੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦੱਸਣਯੋਗ ਹੈ ਕਿ ਬੀਜੇਪੀ ਸ਼ਾਸਿਤ ਹਰਿਆਣਾ ਪਿਛਲੇ ਸਾਲ ਨਵੰਬਰ ਤੋਂ ਸੁਰਖੀਆਂ ਵਿੱਚ ਰਿਹਾ ਹੈ, ਜਦੋਂ ਉਸਨੇ ਪੰਜਾਬ ਤੋਂ ਦਿੱਲੀ ਆਉਣ ਵਾਲੇ ਕਿਸਾਨਾਂ ਨੂੰ ਰੋਕਣ ਦਾ ਫ਼ੈਸਲਾ ਕੀਤਾ ਸੀ ਅਤੇ ਉਨ੍ਹਾਂ ਉੱਤੇ ਤਾਕਤ ਵਰਤੀ ਸੀ।