Man shot sister grandson : ਪੰਜਾਬ ਦੇ ਬਠਿੰਡਾ ਵਿੱਚ ਖੁਸ਼ੀ ਦਾ ਮਾਹੌਲ ਉਸ ਵੇਲੇ ਮਾਤਮ ਵਿੱਚ ਬਦਲ ਗਿਆ ਜਦੋਂ ਗੋਲੀ ਚੱਲਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਮਰਨ ਵਾਲਾ ਨੌਜਵਾਨ ਆਪਣੇ ਚਾਚੇ ਨਾਲ ਬਠਿੰਡਾ ਦੇ ਪਿੰਡ ਰਈਆ ਵਿਖੇ ਉਸ ਦੇ ਨਾਣਕੇ ਪਿੰਡ ਵਿੱ ਇੱਕ ਖੁਸ਼ੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਮ੍ਰਿਤਕ ਨੌਜਵਾਨ ਦੀ ਪਛਾਣ 23 ਸਾਲਾ ਹਰਜੀਤ ਸਿੰਘ ਨਿਵਾਸੀ ਸ਼ਾਹਿਦਾ ਵਾਲਾ ਜ਼ਿਲ੍ਹਾ ਸਿਰਸਾ ਵਜੋਂ ਹੋਈ ਹੈ। ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਮ੍ਰਿਤਕ ਦੇ ਚਾਚੇ ਗੁਰਸੇਵਕ ਸਿੰਘ ਦੇ ਬਿਆਨਾਂ ‘ਤੇ ਉਸਦੇ ਮਾਮੇ ਸੁਰਜੀਤ ਸਿੰਘ ਨਿਵਾਸੀ ਪਿੰਡ ਰਈਆ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਫਰਾਰ ਹੈ ਅਤੇ ਉਸ ਨੂੰ ਪੁਲਿਸ ਵੱਲੋਂ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਥਾਣਾ ਤਲਵੰਡੀ ਸਾਬੋ ਵਿਖੇ ਦਰਜ ਕਰਵਾਏ ਇੱਕ ਬਿਆਨ ਵਿੱਚ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਹਰਜੀਤ ਸਿੰਘ ਨਾਲ 10 ਜਨਵਰੀ ਨੂੰ ਆਪਣੇ ਨਾਣਕੇ ਪਿੰਡ ਰਈਆ ਵਿੱਚ ਆਪਣੇ ਮਾਮੇ ਸੁਰਜੀਤ ਸਿੰਘ ਦੇ ਦੋਹਤਰਾ ਹੋਣ ਦੀ ਖੁਸ਼ੀ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਸਮਾਗਮ ਦੌਰਾਨ ਉਸਦੇ ਮਾਮੇ ਸੁਰਜੀਤ ਸਿੰਘ ਨੇ ਉਸ ਦੇ 22 ਬੋਰ ਰਿਵਾਲਵਰ ਤੋਂ ਫਾਇਰਿੰਗ ਸ਼ੁਰੂ ਕਰ ਦਿੱਤੀ।
ਇਸੇ ਦੌਰਾਨ ਇੱਕ ਗੋਲੀ ਉਸ ਦੇ ਭਤੀਜੇ ਹਰਜੀਤ ਸਿੰਘ ਨੂੰ ਲੱਗੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਤਲਵੰਡੀ ਸਾਬੋ ਦੇ ਏਐਸਆਈ ਗੋਬਿੰਦ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਮ੍ਰਿਤਕ ਦੇ ਚਾਚੇ ਗੁਰਸੇਵਕ ਸਿੰਘ ਦੇ ਬਿਆਨ ‘ਤੇ ਉਸਦੇ ਮਾਮੇ ਸੁਰਜੀਤ ਸਿੰਘ ਦੇ ਖ਼ਿਲਾਫ਼ ਧਾਰਾ 304/336 / ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ।