Muslim Sai Fakir : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਨੰਦਪੁਰ ਸਾਹਿਬ ਦਰਬਾਰ ਵਿੱਚ ਇੱਕਾ ਮੁਸਲਮਾਨ ਸਾਂਈ ਫਕੀਰ ਦਰਸ਼ਨਾਂ ਲਈ ਪਹੁੰਚੇ। ਕਲਗੀਧਰ ਪਾਤਸ਼ਾਹ ਉਸ ਵੇਲੇ ਸੁੰਦਰ ਪੁਸ਼ਾਕ ਪਾਈ, ਸਿਰ ’ਤੇ ਕਲਗੀ, ਇੱਕ ਹੱਥ ਬਾਜ ਤੇ ਦੁਸਰੇ ਹੱਥ ਵਿੱਚ ਸ਼ਮਸ਼ੀਰ ਫੜੀ ਬੈਠੇ ਹੋਏ ਸਨ। ਉਨ੍ਹਾਂ ਦੀਆਂ ਪਿਠ ਪਿੱਛੇ ਸੋਨੇ ਦੀਆਂ ਨੋਕਾਂ ਵਾਲੇ ਤੀਰਾਂ ਨਾਲ ਭਰਿਆ ਹੋਇਆ ਭਥਾ ਲਮਕ ਰਿਹਾ ਸੀ। ਦੂਰੋਂ ਨੇੜਿਓ ਆਈਆਂ ਸੰਗਤਾਂ ਵਿਚੋਂ ਇੱਕ ਪਾਸੇ ਸੂਰਵੀਰ ਸਿੰਘ ਤੇ ਦੂਸਰੇ ਪਾਸੇ ਸਿੰਘਣੀਆਂ ਬੈਠੀਆਂ ਗੁਰੂ ਜੀ ਦੇ ਬਚਨ ਸੁਣ ਰਹੀਆਂ ਸਨ। ਸਾਂਈ ਫਕੀਰ ਗੁਰੂ ਜੀ ਦੇ ਸ਼ਾਹੀ ਠਾਠ ਵੇਖ ਕੇ ਪਿਛੇ ਹੀ ਖੜਾ ਹੈਰਾਨ ਹੋਣ ਲੱਗਾ ਅਤੇ ਸੋਚਣ ਲੱਗਾ ਨਾਨਕ ਪੀਰ ਦੀ ਗੱਦੀ ਦਾ ਵਾਰਿਸ ਕੋਈ ਫਕੀਰੀ ਲਿਬਾਸ ਵਿੱਚ ਫੱਟੇ ਪੁਰਾਣੇ ਕੱਪੜੇ ਪਾਈ, ਸਿਰ ’ਤੇ ਜਟਾਵਾਂ ਤੇ ਹੱਥ ਵਿੱਚ ਮਾਲਾ ਹੋਵੇਗੀ। ਇਥੇ ਤਾਂ ਬਿਲਕੁਲ ਗੱਲ ਉਲਟ ਹੋ ਰਹੀ ਹੈ।
ਇੰਨੇ ਨੂੰ ਕਾਬਲ ਦੀ ਸੰਗਤ ਆਈ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਬੀਬੀਆਂ ਸਨ। ਸਾਰਿਆਂ ਨੇ ਆ ਕੇ ਗੁਰੂ ਜੀ ਨੂੰ ਮੱਥੇ ਟੇਕੇ ਤੇ ਉਨ੍ਹਾਂ ਨੇ ਸਭ ਨੂੰ ਅਸੀਸਾਂ ਦਿੱਤੀਆਂ। ਇਹ ਸਾਰਾ ਨਜਾਰਾ ਵੇਖ ਕੇ ਫਕੀਰ ਦੀ ਸ਼ਰਧਾ ਹੋਰ ਵੀ ਡਾਵਾਂ ਡੋਲ ਹੋ ਗਈ ਕਿ ਜਿਹੜਾ ਗੁਰੂ ਐਸੇ ਸ਼ਾਹਨਸ਼ਾਹ ਵਾਲੇ ਠਾਠ ਵਿੱਚ ਰਹਿੰਦਾ ਹੋਵੇ ਉਹ ਕਿਵੇ ਭਗਤੀ ਕਰ ਸਕਦਾ ਹੈ ਤੇ ਜਿਸ ਦੇ ਅੱਗੇ ਪਿਛੇ ਸੁੰਦਰ ਇਸਤਰੀਆਂ ਫਿਰਦੀਆਂ ਹੋਣ ਉਹ ਕਿਵੇਂ ਕਾਮਵਾਸਨਾ ਤੋਂ ਬਚਿਆ ਰਹਿ ਸਕਦਾ ? ਦਿਲ ਅੱਗੇ ਜਾਣ ਲਈ ਨਾ ਮੰਨਿਆ ਤੇ ਨਿਰਾਸ਼ ਹੋ ਕੇ ਵਾਪਸ ਮੁੜਨ ਲੱਗਾ। ਅੰਤਰਜਾਮੀ ਗੁਰੂ ਸਾਹਿਬ ਨੇ ਵੇਖ ਲਿਆ ਤੇ ਇੱਕ ਸਿੱਖ ਨੂੰ ਭੇਜਿਆ ਕਿ ਉਸ ਨੂੰ ਬੁਲਾਕੇ ਲਿਆਓ।
ਜਦੋਂ ਸਾਂਈ ਫਕੀਰ ਕੋਲ ਆਏ ਤਾਂ ਗੁਰੂ ਜੀ ਨੇ ਕਿਹਾ ਕਿ ਸਾਂਈ ਫਕੀਰ ਵਾਪਸ ਕਿਉਂ ਜਾ ਰਹੇ ਹੋ ? ਫਕੀਰ ਨੇ ਉੱਤਰ ਦਿੱਤਾ “ਜੋ ਮੈਂ ਵੇਖਣਾ ਸੀ ਵੇਖ ਲਿਆ ਹੈ। ਸਾਰਾ ਝੂਠ ਦਾ ਪਸਾਰਾ ਹੈ, ਉੱਚੀ ਦੁਕਾਨ ਤੇ ਫਿੱਕਾ ਪਕਵਾਨ ਹੈ।” ਗੁਰੂ ਜੀ ਨੇ ਕਿਹਾ ਕਿ ਸਾਂਈ ਫਕੀਰ ਤੁਹਾਨੂੰ ਪਤਾ ਨਹੀਂ ਕਿ ਅੱਜ ਤੋਂ ਦਸਵੇਂ ਦਿਨ ਤੁਹਾਡੀ ਮੌਤ ਹੋ ਜਾਂਣੀ ਹੈ। ਇਹ ਸੁਣਦੇ ਸਾਰ ਫਕੀਰ ਬਹੁਤ ਘਬਰਾ ਗਿਆ ਤੇ ਗੁਰੂ ਦੇ ਚਰਨੀ ਡਿੱਗ ਪਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਜੇ ਇਹ ਸੱਚ ਹੈ ਤਾਂ ਮੈਨੂੰ ਆਪਣੇ ਚਰਨਾਂ ਵਿੱਚ ਥੋੜੀ ਥਾਂ ਦੇਵੋ ਤਾਂ ਜੋ ਮੈਂ ਇਹ ਬਾਕੀ ਦੇ ਥੋੜੇ ਦਿਨ ਬੰਦਗੀ ਕਰਕੇ ਗੁਜਾਰ ਸਕਾਂ। ਗੁਰੂ ਜੀ ਮੰਨ ਗਏ ਤੇ ਉਸ ਦੇ ਰਹਿਣ ’ਤੇ ਖਾਣ-ਪੀਣ ਦਾ ਸਾਰਾ ਪ੍ਰਬੰਧ ਕਰ ਦਿੱਤਾ। ਹੁਣ ਫਕੀਰ ਸਭ ਕੁਝ ਭੁੱਲ ਗਿਆ ਤੇ ਹਰ ਸਮੇਂ ਅਲਾਹ-ਅਲਾਹ ਦਾ ਜਾਪ ਕਰਨ ਲੱਗ ਗਿਆ।
4-5 ਦਿਨਾਂ ਬਾਅਦ ਦਰਬਾਰ ਵਿੱਚ ਇੱਕ ਵੇਸਵਾ ਆਪਣੇ ਸਾਥੀਆਂ ਨਾਲ ਆਈ ਤੇ ਆਪਣਾ ਨ੍ਰਿਤ ਵਿਖਾਉਣ ਲਈ ਸਮਾਂ ਮੰਗਿਆ। ਗੁਰੂ ਜੀ ਨੇ ਸਾਫ ਇਨਕਾਰ ਕਰ ਦਿੱਤਾ ਕਿ ਗੁਰੂ ਨਾਨਕ ਦੇ ਦਰਬਾਰ ਵਿੱਚ ਨਾਚ ਤੇ ਗਾਣੇ ਲਈ ਕੋਈ ਥਾਂ ਨਹੀਂ। ਫਿਰ ਖਿਆਲ ਆਇਆ ਕਿ ਚਲੋ ਇਸ ਨੂੰ ਫਕੀਰ ਪਾਸ ਭੇਜ ਦਿੰਦੇ ਹਾਂ ਤਾਂ ਜੋ ਉਸ ਦਾ ਦਿਲ ਪਰਚਾਵਾ ਹੋ ਜਾਵੇਗਾ। ਜਦੋਂ ਵੇਸਵਾ ਫਕੀਰ ਪਾਸ ਪੁੱਜੀ ਤਾਂ ਉਹ ਕੰਨਾਂ ’ਤੇ ਹੱਥ ਰੱਖਦਾ ਤੌਬਾ ਕਰਦਾ ਹੋਇਆ ਪੁਕਾਰ ਉਠਿਆ ਕਿ ਇਸ ਨੂੰ ਇਥੋਂ ਲੈ ਜਾਵੋ। ਇੰਨੇ ਨੂੰ ਗੁਰੂ ਜੀ ਆ ਗਏ ਤੇ ਸਮਝਾਇਆ ਕਿ ਵੇਖੋ ਸਾਂਈ ਫਕੀਰ, ਤੁਹਾਨੂੰ ਹੁਣ ਨਿਸ਼ਚਾ ਹੈ ਕਿ ਤੁਹਾਡੀ 5 ਦਿਨਾਂ ਬਾਅਦ ਮੌਤ ਹੋ ਜਾਂਣੀ ਹੈ ਤਾਂ ਤੁਸੀ ਕੋਈ ਵੀ ਗਲਤ ਕੰਮ ਕਰਨ ਲਈ ਰਾਜੀ ਨਹੀਂ। ਇਸੇ ਤਰਾਂ ਸਾਨੂੰ ਤਾਂ ਇਹ ਵੀ ਭਰੋਸਾ ਨਹੀਂ ਕਿ ਜਿਹੜਾ ਇੱਕ ਸਵਾਸ ਬਾਹਰ ਗਿਆ ਉਹ ਵਾਪਸ ਵੀ ਆਵੇਗਾ ਕਿ ਨਹੀਂ ਤਾਂ ਸਾਡੇ ਅੰਦਰ ਭੈੜੇ ਵਿਚਾਰ ਕਿਵੇਂ ਪੈਦਾ ਹੋ ਸਕਦੇ ਹਨ ? ਖੈਰ ਇਹ ਤਾਂ ਸਾਰਾ ਨਾਟਕ ਆਪ ਨੂੰ ਸਮਝਾਉਂਣ ਲਈ ਕਰਨਾ ਪਿਆ। ਜਾਓ ਅਜੇ ਆਪ ਦੀ ਮੌਤ ਆਉਣ ਵਾਲੀ ਨਹੀਂ।