Sakhi Guru Angad Dev ji : ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਵੇਲੇ ਭਾਈ ਜੋਧ ਦੇਵਤਾ ਨਾਂ ਦੇ ਇੱਕ ਉੱਚੀ ਗੋਤ ਦੇ ਬਾਹਮਣ ਨੂੰ ਆਪਣੀ ਜਾਤ ਦਾ ਬਹੁਤ ਹੰਕਾਰ ਸੀ। ਇਸ ਹੰਕਾਰ ਕਰਕੇ ਉਹ ਹੋਰ ਜਾਤਾਂ ਵਾਲਿਆਂ ਨੂੰ ਨੀਵਾਂ ਸਮਝਦਾ ਸੀ ਅਤੇ ਉਨ੍ਹਾਂ ਤੋਂ ਕਰਦਾ ਸੀ। ਇਸੇ ਕਰਕੇ ਉਹ ਹਰ ਵੇਲੇ ਕਲਪਦਾ ਰਹਿੰਦਾ ਸੀ। ਉਸ ਦੇ ਭਾਗ ਜਾਗ ਪਏ। ਉਹ ਆਪਣੇ ਮਨ ਦੀ ਹਾਲਤ ਤੋਂ ਤੰਗ ਆ ਗਿਆ। ਉਸ ਦੇ ਮਨ ਵਿਚ ਸੁੱਖ ਸ਼ਾਂਤੀ ਦੀ ਚਾਹ ਪੈਦਾ ਹੋਈ। ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਪਰ ਬਿਰਾਜੇ ਸੀ ਗੁਰੂ ਅੰਗਦ ਦੇਵ ਜੀ ਦੀ ਦੱਸ ਪਈ ਕਿ ਗੁਰੂ ਜੀ ਦੇ ਦਰਬਾਰ ਵਿਚ ਦੁਖੀਆਂ ਦੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਉਹਨਾਂ ਦੇ ਮਨ, ਸੁਖ ਤੇ ਸ਼ਾਂਤੀ ਨਾਲ ਭਰਪੂਰ ਹੋ ਜਾਂਦੇ ਹਨ। ਇਹ ਗੱਲ ਸੁਣ ਕੇ ਉਹ ਖਡੂਰ ਸਾਹਿਬ ਜਾ ਪੁੱਜਾ। ਉਸ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਲੰਗਰ ਦੀ ਸੇਵਾ ਵਿਚ ਜੁੱਟ ਪਿਆ।
ਪੜਿਆ-ਲਿਖਿਆ ਹੋਣ ਕਰਕੇ ਉਹ ਲੰਗਰ ਲਈ ਆਈ ਰਸਦ, ਮਾਇਆ ਦਾ ਲੇਖਾ ਵੀ ਰੱਖਦਾ ਸੀ। ਉਹ ਜਤਨ ਕਰਦਾ ਸੀ ਕਿ ਇਹ ਰਸਦ ਅਤੇ ਮਾਇਆ ਅਜਾਈਂ ਨਾ ਜਾਵੇ, ਸਗੋਂ ਚੰਗੇ ਤੋਂ ਚੰਗੇ ਅਰਥ ਲੱਗੇ। ਉਹ ਗੁਰੂ ਘਰ ਦੀ ਸੇਵਾ ਕਰਦੇ ਹੋਏ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਦਾ ਰਹਿੰਦਾ ਸੀ। ਭਾਈ ਜੋਧ ਦੇਵਤਾ ਇਉਂ ਕਰਦਾ ਸੀ ਕਿ ਜਦੋਂ ਸੰਗਤ ਪ੍ਰਸ਼ਾਦ ਛਕ ਚੁਕਦੀ, ਤਾਂ ਉਹ ਪੱਤਲਾਂ ਚੁਕਵਾ ਕੇ ਇਕ ਸਾਫ ਥਾਂ ਰਖਵਾ ਦੇਂਦਾ। ਜਦ ਲੰਗਰ ਹੋ ਚੁਕਣਾ, ਤਾਂ ਜੋਧ ਨੇ ਇਨ੍ਹਾਂ ਪੱਤਲਾਂ ਵਿਚੋਂ ਪੇਟ ਭਰਨ ਜੋਗਾ ਅੰਨ ਇਕੱਠਾ ਕਰ ਲੈਣਾ ਅਤੇ ਵਾਹਿਗੁਰੂ ਦਾ ਨਾਮ ਲੈ ਕੇ ਛਕ ਲੈਣਾ। ਕਿੰਨਾ ਹੀ ਚਿਰ ਉਹ ਇਸ ਤਰ੍ਹਾਂ ਸੰਗਤਾਂ ਦਾ ਸੀਤ ਪ੍ਰਸ਼ਾਦ ਅਰਥਾਤ ਜੂਠ ਖਾ ਕੇ ਗੁਜ਼ਾਰਾ ਕਰਦਾ ਰਿਹਾ। ਇਹ ਗੱਲ ਗੁਰੂ ਜੀ ਤੀਕ ਪਹੁੰਚ ਗਈ। ਗੁਰੂ ਜੀ ਨੇ ਉਸ ਨੂੰ ਸੱਦਿਆ ਅਤੇ ਪਿਆਰ ਨਾਲ ਪੁੱਛਿਆ, “ਜੋਧ ਭਾਈ! ਤੂੰ ਪ੍ਰਸ਼ਾਦ ਕਿਥੋਂ ਛਕਦਾ ਹੈ?”
ਜੋਧ ਨੇ ਕਿਹਾ ਕਿ “ਸੱਚੇ ਪਾਤਸ਼ਾਹ! ਆਪ ਜੀ ਦੇ ਲੰਗਰੋਂ ਹੀ ਪੇਟ ਭਰਨ ਜੋਗੀ ਦਾਤ ਮਿਲ ਜਾਂਦੀ ਹੈ। ਸੰਗਤਾਂ ਦਾ ਪੱਤਲਾਂ ਵਿਚ ਛੱਡਿਆ ਅੰਨ ਖਾ ਲੈਂਦਾ ਹਾਂ।”
ਗੁਰੂ ਜੀ ਨੇ ਕਿਹਾ ਕਿ “ਜੋਧ ਭਾਈ! ਇਹ ਕਿਉਂ ਤੂੰ ਇਸ ਤਰ੍ਹਾਂ ਦਾ ਭੋਜਨ ਕਿਉਂ ਖਾਂਦਾ ਹੈ ? ਸੁੱਚਾ ਪ੍ਰਸ਼ਾਦ ਕਿਉਂ ਨਹੀਂ ਛਕਦਾ?”
ਜੋਧ ਨੇ ਕਿਹਾ ਕਿ “ਸੱਚੇ ਪਾਤਸ਼ਾਹ! ਮੇਰੇ ਅੰਦਰ ਜ਼ਾਤ ਦੇ ਹੰਕਾਰ ਦਾ ਭੂਤ ਵਸਦਾ ਸੀ। ਇਸ ਨੂੰ ਕੱਢਣਾ ਸੀ। ਭੂਤ ਨੂੰ ਜੂਠ ਹੀ ਖੁਆਉਣੀ ਠੀਕ ਸੀ। ਇਹ ਤਾਂ ਹੀ ਸੂਤ ਆਉਣਾ ਸੀ। ਮੈਂ ਚਾਹੁੰਦਾ ਸਾਂ ਕਿ ਜ਼ਾਤ ਤੇ ਹੰਕਾਰ ਦਾ ਇਹ ਭੂਤ ਦੂਰ ਹੋ ਜਾਵੇ ਅਤੇ ਮੈਂ ਆਪਣੇ ਆਪ ਨੂੰ ਸਾਧ ਸੰਗਤ ਦਾ ਨਿਮਾਣਾ ਸੇਵਕ ਸਮਝਣ ਲੱਗ ਪਵਾਂ।”
ਗੁਰੂ ਜੀ – “ਤੇਰਾ ਜ਼ਾਤ-ਹੰਕਾਰ ਹੁਣ ਦੂਰ ਹੋ ਗਿਆ ਹੈ। ਹੁਣ ਤੁਹਾਨੂੰ ਇਸ ਤਰ੍ਹਾਂ ਕਰਨ ਦੀ ਲੋੜ ਨਹੀਂ। ਤੁਹਾਡਾ ਮਨ ਸਾਫ ਤੇ ਸ਼ੁੱਧ ਹੋ ਗਿਆ ਹੈ। ਹੁਣ ਇਸ ਵਿਚ ਭੂਤ ਨਹੀਂ ਵਸਦਾ। ਹੁਣ ਇਸ ਵਿਚ ਵਾਹਿਗੁਰੂ ਦਾ ਵਾਸਾ ਹੈ, ਉਸ ਨੂੰ ਸੁੱਚਾ ਅੰਨ ਭੇਟ ਕਰਨਾ ਚਾਹੀਦਾ ਹੈ।” ਇਹ ਕਹਿ ਕੇ ਗੁਰੂ ਜੀ ਨੇ ਭਾਈ ਜੋਧ ਨੂੰ ਆਪਣੇ ਪਾਸ ਬਿਠਾਇਆ ਅਤੇ ਲੰਗਰੋਂ ਸੁੱਚਾ ਪ੍ਰਸ਼ਾਦ ਮੰਗਵਾ ਕੇ ਛਕਾਇਆ। ਫਿਰ ਉਹ ਸੁੱਚਾ ਪ੍ਰਸਾਦ ਛੱਕਣ ਲੱਗਾ ਤੇ ਉਸ ਦਾ ਮਨ ਸੁਖ ਤੇ ਸ਼ਾਂਤੀ ਨਾਲ ਭਰਪੂਰ ਹੋ ਗਿਆ, ਸੰਗਤ ਉਸ ਨੂੰ ਭਾਈ ਜੋਧ ਦੇਵਤਾ ਕਹਿ ਕੇ ਸੱਦਣ ਲੱਗ ਪਈ। ਉਸ ਦਾ ਇਹੋ ਨਾਂ ਪੱਕ ਗਿਆ। ਉਹ ਗੁਰੂ ਅੰਗਦ ਦੇਵ ਜੀ ਦੇ ਵੱਡੇ ਮੁਖੀ ਸਿੱਖਾਂ ਵਿਚ ਗਿਣਿਆ ਜਾਣ ਲੱਗ ਪਿਆ।