Mother killed her 6 months : ਜਲੰਧਰ ਜ਼ਿਲ੍ਹੇ ਅਧੀਨ ਪੈਂਦੇ ਸ਼ਾਹਕੋਟ ਤੋਂ ਇੱਕ ਰੂਹ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇੱਕ ਕਲਯੁਗੀ ਮਾਂ ਨੇ ਆਪਣੇ 6 ਮਹੀਨਿਆਂ ਦੇ ਬੱਚੇ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪਤਾ ਲੱਗਾ ਹੈ ਕਿ ਔਰਤ ਬੱਚੇ ਨੂੰ ਮਾਰਨ ਤੋਂ ਬਾਅਦ ਖੁਦ ਮੌਕੇ ਤੋਂ ਫਰਾਰ ਹੋ ਗਈ। ਪੁਲਿਸ ਨੇ ਬੱਚੇ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਨਕੋਦਰ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ, ਜਿਥੇ ਬੱਚੇ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਕ ਸ਼ਾਹਕੋਟ ਦੇ ਨਾਲ ਲੱਗਦੇ ਪਿੰਡ ਮਿਏਵਾਲ ਦੀ ਰਹਿਣ ਵਾਲੀ ਨਵਪ੍ਰੀਤ ਕੌਰ ਨੇ ਆਪਣੇ ਹੀ ਪੁੱਤਰ ਸਮਰਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ। ਬੱਚੇ ਦੀ ਉਮਰ 5 ਮਹੀਨੇ 23 ਦਿਨ ਦੀ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਾਹਕੋਟ ਦੇ ਥਾਣਾ ਇੰਚਾਰਜ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਬੱਚੇ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੀ, ਜਿਸ ਕਰਕੇ ਬੱਚਾ ਵਿਕਾਸ ਨਹੀਂ ਕਰ ਪਾ ਰਿਹਾ ਸੀ। ਨਵਪ੍ਰੀਤ ਇਸ ਕਰਕੇ ਬੱਚੇ ਤੋਂ ਖਿਝਦੀ ਸੀ। ਇਸੇ ਦੇ ਚੱਲਦਿਆਂ ਨਵਪ੍ਰੀਤ ਕੌਰ ਨੇ ਆਪਣੇ ਹੀ ਬੱਚੇ ਦਾ ਅੱਜ ਗਲਾ ਘੋਟ ਕੇ ਕਤਲ ਕ ਦਿੱਤਾ। ਉਨ੍ਹਾਂ ਦੱਸਿਆ ਕਿ ਬੱਚੇ ਦੀ ਮਾਂ ਕਤਲ ਤੋਂ ਬਾਅਦ ਤੁਰੰਤ ਫਰਾਰ ਹੋ ਗਈ। ਉਸ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।