Young man commits : ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਦੇ ਮਸ਼ਹੂਰ ਦੁਰਗਿਆਣਾ ਮੰਦਰ ਤੋਂ ਬਹੁਤ ਹੀ ਮੰਦਭਾਗੀ ਖਬਰ ਮਿਲੀ ਹੈ ਜਿਥੇ ਇੱਕ ਨੌਜਵਾਨ ਨੇ ਸਰਵੋਰ ‘ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਉਥੇ ਮੌਜੂਦ ਕੁਝ ਲੋਕਾਂ ਵੱਲੋਂ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਥੇ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਉਹ ਬਚ ਨਹੀਂ ਸਕਿਆ। ਮ੍ਰਿਤਕ ਦੀ ਪਛਾਣ ਸੁਨੀਲ ਮਹਿਰਾ ਉਮਰ 45 ਸਾਲ ਵਜੋਂ ਹੋਈ ਹੈ ਜੋ ਕਿ ਜਗਦੰਬੇ ਕਾਲੋਨੀ ਮਜੀਠਾ ਰੋਡ ਦਾ ਰਹਿਣ ਵਾਲਾ ਹੈ।
ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਨੂੰ ਜਦੋਂ ਮੰਦਰ ਦੇ ਸਰਵੋਰ ਤੋਂ ਬਾਹਰ ਕੱਢਿਆ ਗਿਆ ਤਾਂ ਉਸ ਸਮੇਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸਾਰੀ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮ੍ਰਿਤਕ ਦੇ ਭਰਾ ਸੰਜੇ ਮਹਿਰਾ ਨੇ ਦੱਸਿਆ ਕਿ ਉਸ ਦਾ ਭਰਾ ਡਿਪ੍ਰੈਸ਼ਨ ਦਾ ਸ਼ਿਕਾਰ ਸੀ ਅਤੇ ਇਸ ਦੀ ਉਹ ਦਵਾਈ ਵੀ ਲੈਂਦਾ ਸੀ। ਸ਼ਾਇਦ ਡਿਪ੍ਰੈਸ਼ਨ ‘ਚ ਹੀ ਉਕਤ ਨੌਜਵਾਨ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਹੈ। ਪੁਲਿਸ ਵਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਬਟਾਲਾ ਰੋਡ ‘ਤੇ ਜਗਦੰਬਾ ਕਲੋਨੀ ਦੇ ਵਸਨੀਕ ਸੰਜੇ ਮਹਿਰਾ ਨੇ ਦੱਸਿਆ ਕਿ ਉਹ ਆਪਣੇ ਭਰਾ ਸੁਨੀਲ ਮਹਿਰਾ ਦੇ ਨਾਲ ਕੱਪੜਿਆਂ’ ਤੇ ਕਢਾਈ ਦਾ ਕੰਮ ਕਰਦਾ ਹੈ। ਸੁਨੀਲ ਪਿਛਲੇ ਕੁਝ ਮਹੀਨਿਆਂ ਤੋਂ ਕਾਫ਼ੀ ਪਰੇਸ਼ਾਨ ਸੀ। ਉਸ ਦਾ ਡਾਕਟਰਾਂ ਦੁਆਰਾ ਇਲਾਜ ਵੀ ਕੀਤਾ ਜਾ ਰਿਹਾ ਸੀ। ਸੋਮਵਾਰ ਸਵੇਰੇ ਸੁਨੀਲ ਨੇ ਘਰ ਨਾਸ਼ਤਾ ਕੀਤਾ ਅਤੇ ਫਿਰ ਕਿਸੇ ਜ਼ਰੂਰੀ ਕੰਮ ਲਈ ਰਵਾਨਾ ਹੋ ਗਿਆ।