CRPF jawan injured : ਸ਼੍ਰੀਨਗਰ ਦੇ ਲਾਵੇਪੋਰਾ ਖੇਤਰ ਵਿਚ ਪਿਛਲੇ ਹਫਤੇ ਅੱਤਵਾਦੀ ਹਮਲੇ ਵਿਚ CRPF ਦਾ ਜਵਾਨ ਜ਼ਖਮੀ ਹੋ ਗਿਆ ਸੀ ਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਜ਼ਖਮੀ ਹੋਏ ਸੀਆਰਪੀਐਫ ਦੇ ਜਵਾਨ ਨੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਸੋਮਵਾਰ ਨੂੰ ਹਸਪਤਾਲ ਵਿਚ ਦਮ ਤੋੜ ਦਿੱਤਾ। ਅਧਿਕਾਰੀ ਨੇ ਕਿਹਾ ਕਿ ਇਸ ਤਰ੍ਹਾਂ ਹਮਲੇ ਵਿਚ ਮਾਰੇ ਗਏ ਅਰਧ ਸੈਨਿਕਾਂ ਦੀ ਗਿਣਤੀ ਤਿੰਨ ਹੋ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ 73 ਬਟਾਲੀਅਨ ਦਾ ਕਾਂਸਟੇਬਲ ਜਗਨਨਾਥ ਰਾਏ SKIMS ਸੌਰਾ ਵਿਖੇ ਦਮ ਤੋੜ ਗਿਆ। ਸੀਆਰਪੀਐਫ ਦੀ 73 ਬਟਾਲੀਅਨ ਦਾ ਇੱਕ ਸਬ ਇੰਸਪੈਕਟਰ ਅਤੇ ਇੱਕ ਕਾਂਸਟੇਬਲ (ਡਰਾਈਵਰ) – ਸੀਆਰਪੀਐਫ ਦੇ ਦੋ ਜਵਾਨ ਮਾਰੇ ਗਏ ਅਤੇ ਉਨ੍ਹਾਂ ‘ਚੋਂ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ ਸੀ। ਪਿਛਲੇ ਵੀਰਵਾਰ ਨੂੰ ਤਕਰੀਬਨ 3:45 ਵਜੇ ਹਮਲਾ ਹੋਇਆ ਸੀ। ਅੱਤਵਾਦੀਆਂ ਨੇ ਸੀਆਰਪੀਐਫ ਦੇ ਜਵਾਨਾਂ ਕੋਲੋਂ ਇੱਕ ਏ ਸੀ 47 ਰਾਈਫਲ ਵੀ ਖੋਹ ਲਈ ਸੀ। ਪੁਲਿਸ ਨੇ ਕਿਹਾ ਹੈ ਕਿ ਹਮਲਾ ਲਸ਼ਕਰ-ਏ-ਤੋਇਬਾ ਨੇ ਕੀਤਾ ਸੀ ਅਤੇ ਇਸ ਘਟਨਾ ਦੇ ਸੰਬੰਧ ਵਿਚ ਦੋ ਓਜੀਡਬਲਯੂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਪਿਛਲੇ ਸਾਲ 30 ਦਸੰਬਰ ਨੂੰ ਇਸੇ ਖੇਤਰ ਵਿੱਚ ਤਿੰਨ ‘ਅੱਤਵਾਦੀ’ ਮਾਰੇ ਗਏ ਸਨ। ਫੌਜ ਨੇ ਕਿਹਾ ਕਿ ਉਹ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਸਨ।