Covid impact on ipl : ਜਿੱਥੇ ਪੂਰੇ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ। ਉੱਥੇ ਹੀ ਹੁਣ ਵਿਸ਼ਵ ਦੀ ਸਭ ਤੋਂ ਵੱਧ ਮਹਿੰਗੀ ਲੀਗ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕੇ IPL ਵੀ ਕੋਰੋਨਾ ਦੀ ਚਪੇਟ ‘ਚ ਆ ਗਈ ਹੈ। ਕੋਰੋਨਾ ਦੀ ਤਬਾਹੀ ਦਾ ਅਸਰ ਹੁਣ ਆਈਪੀਐਲ ਉੱਤੇ ਵੀ ਪੈ ਗਿਆ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਬੁੱਧਵਾਰ ਨੂੰ ਚੇਨਈ ਸੁਪਰ ਕਿੰਗਜ਼ ਅਤੇ (ਸੀਐਸਕੇ) ਅਤੇ ਰਾਜਸਥਾਨ ਰਾਇਲਜ਼ (ਆਰਆਰ) ਵਿਚਕਾਰ ਹੋਣ ਵਾਲਾ ਮੈਚ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਮੈਚ ਹੁਣ ਬਾਅਦ ਵਿੱਚ ਕਰਵਾਇਆ ਜਾਵੇਗਾ। ਦਰਅਸਲ ਗੇਂਦਬਾਜ਼ੀ ਕੋਚ ਐਲ ਬਾਲਾਜੀ ਦੇ ਕੋਰੋਨਾ ਪੌਜੇਟਿਵ ਪਾਏ ਜਾਣ ਕਾਰਨ ਸੀਐਸਕੇ ਨੂੰ ਸਖਤ ਪ੍ਰੋਟੋਕਾਲ ਵਿੱਚੋਂ ਲੰਘਣਾ ਪੈ ਰਿਹਾ ਹੈ। ਬੋਰਡ ਦੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਦੇ ਅਨੁਸਾਰ, ਜੇ ਕੋਈ ਲਾਗ ਵਾਲੇ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਉਸਨੂੰ ਛੇ ਦਿਨਾਂ ਲਈ ਏਕਾਂਤਵਾਸ ਰਹਿਣਾ ਪਏਗਾ ਅਤੇ ਇਸ ਸਮੇਂ ਦੌਰਾਨ ਉਸ ਦੇ ਆਰਟੀ ਪੀਸੀਆਰ ਦੀਆਂ ਤਿੰਨ ਰਿਪੋਰਟਾਂ ਨਕਾਰਾਤਮਕ ਹੋਣੀਆਂ ਚਾਹੀਦੀਆਂ ਹਨ।
ਆਈਪੀਐਲ ਦਾ ਇਹ ਦੂਜਾ ਮੈਚ ਹੈ, ਜਿਸ ਦੇ ਸ਼ਡਿਊਲ ਨੂੰ ਦੁਬਾਰਾ ਤਹਿ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸੋਮਵਾਰ ਨੂੰ, ਕੋਲਕਾਤਾ ਨਾਈਟ ਰਾਈਡਰਜ਼ ਦੇ ਦੋ ਖਿਡਾਰੀ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਦੇ ਸਕਾਰਾਤਮਕ ਪਾਏ ਜਾਣ ਤੋਂ ਬਾਅਦ ਕੋਲਕਾਤਾ ਦਾ ਰਾਇਲ ਚੈਲੇਂਜਰਜ਼ ਬੈਂਗਲੁਰੂ ਖ਼ਿਲਾਫ਼ ਹੋਣ ਵਾਲਾ ਮੈਚ ਵੀ ਮੁਲਤਵੀ ਕਰ ਦਿੱਤਾ ਗਿਆ ਸੀ। ਅੱਜ (ਮੰਗਲਵਾਰ) ਸ਼ਾਮ ਨੂੰ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਕਾਰ ਦਿੱਲੀ ਵਿੱਚ ਮੈਚ ਹੋਵੇਗਾ।