Seven including four revenue officials : ਚੰਡੀਗੜ/ਐਸ.ਏ.ਐਸ. ਨਗਰ 9 ਮਈ : ਪੰਜਾਬ ਵਿਜੀਲੈਂਸ ਬਿਊਰੋ ਨੇ ਚੰਡੀਗੜ੍ਹ ਨਾਲ ਲੱਗਦੇ ਐੱਸ.ਏ.ਐੱਸ. ਨਗਰ ਜ਼ਿਲ੍ਹੇ ਦੇ ਪਿੰਡਾਂ ਦੀ ਬਹੁਕੀਮਤੀ ਜ਼ਮੀਨ ਉਪਰ ਲੈਂਡ ਮਾਫੀਆ ਵੱਲੋਂ ਮਾਲ ਅਧਿਕਾਰੀਆਂ ਨਾਲ ਮਿਲੀਭੁਗਤ ਰਾਹੀਂ ਮਾਲ ਰਿਕਾਰਡ ਵਿੱਚ ਹੇਰਾਫੇਰੀ ਕਰਕੇ ਕਾਬਜ਼ ਹੋਣ ਜਾਂ ਮੁਨਾਫਾ ਖੱਟਣ ਲਈ ਕੀਤੇ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ।
ਇਸ ਸਬੰਧੀ ਚਾਰ ਮਾਲ ਅਧਿਕਾਰੀਆਂ ਸਣੇ ਸੱਤ ਪ੍ਰਾਈਵੇਟ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਚਾਰ ਦੋਸ਼ੀਆਂ ਇਕਬਾਲ ਸਿੰਘ ਪਟਵਾਰੀ ਸਮੇਤ ਪ੍ਰਾਈਵੇਟ ਵਿਅਕਤੀਆਂ ਵਿੱਚੋਂ ਰਵਿੰਦਰ ਸਿੰਘ, ਪਰਮਜੀਤ ਸਿੰਘ ਅਤੇ ਹੰਸਰਾਜ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਨੂੰ ਸਥਾਨਕ ਅਦਾਲਤ ਵੱਲੋਂ ਤਿੰਨ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ ਜਦਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ-ਕਮ-ਡੀ.ਜੀ.ਪੀ. ਬੀ.ਕੇ. ਉੱਪਲ ਨੇ ਦੱਸਿਆ ਕਿ ਪ੍ਰਾਪਰਟੀ ਡੀਲਰਾਂ ਅਤੇ ਭੂਮਾਫੀਆ ਨਾਲ ਜੁੜੇ ਕੁਝ ਵਿਅਕਤੀਆਂ ਨੇ ਪਿੰਡ ਮਾਜਰੀਆਂ, ਸਬ-ਤਹਿਸੀਲ ਮਾਜਰੀ, ਜ਼ਿਲ੍ਹਾ ਐਸ.ਏ.ਐਸ ਨਗਰ ਦੀ ਜ਼ਮੀਨ ਦੇ ਤਕਸੀਮ ਦੇ ਇੰਤਕਾਲ ਮੌਕੇ ਮਾਲ ਅਧਿਕਾਰੀਆਂ ਨਾਲ ਮਿਲੀਭੁਗਤ ਰਾਹੀਂ ਮਾਲ ਰਿਕਾਰਡ ਵਿੱਚ ਹੇਰਾਫੇਰੀ ਕਰਕੇ ਖੇਵਟ ਨੰਬਰਾਂ ਵਿੱਚ ਮਲਕੀਅਤ ਤਬਦੀਲ ਕੀਤੀ ਗਈ ਅਤੇ ਗਲਤ ਮੁਖਤਿਆਰਨਾਮਿਆਂ ਰਾਹੀਂ ਆਮ ਲੋਕਾਂ ਦੇ ਨਾਮ ’ਤੇ ਤਬਦੀਲ ਕਰ ਦਿੱਤੀ ਗਈ ਤਾਂ ਜੋ ਵੱਡਾ ਮੁਨਾਫ਼ਾ ਖੱਟਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਨਵੰਬਰ 2020 ਵਿੱਚ ਵਿਜੀਲੈਂਸ ਬਿਊਰੋ ਨੇ ਇਸੇ ਇਲਾਕੇ ਵਿੱਚ ਸਥਿਤ ਪਿੰਡ ਕਰੋਰਾਂ ਦੀ ਬਹੁਕੀਮਤੀ ਜ਼ਮੀਨ ਨੂੰ ਅਜਿਹੀ ਮਿਲੀਭੁਗਤ ਰਾਹੀਂ ਮਲਕੀਅਤ ਤਬਦੀਲ ਕਰਕੇ ਅੱਗੇ ਵੇਚਣ ਦਾ ਪਰਦਾਫ਼ਾਸ਼ ਕੀਤਾ ਸੀ।
ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਮਾਜਰੀਆਂ ਦੇ ਮਾਲ ਰਿਕਾਰਡ ਦੀ ਪੜਤਾਲ ਤੋ ਬਾਅਦ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ 409, 420, 465, 467, 468, 471, 477-ਏ, 201, 120-ਬੀ ਤਹਿਤ ਥਾਣਾ ਵਿਜੀਲੈਸ ਬਿਊਰੋ, ਉਡਣ ਦਸਤਾ-1, ਪੰਜਾਬ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਦੋਸ਼ੀਆਂ ਵਜੋਂ ਵਰਿੰਦਰਪਾਲ ਸਿੰਘ ਧੂਤ ਨਾਇਬ ਤਹਿਸੀਲਦਾਰ, ਰੁਪਿੰਦਰ ਸਿੰਘ ਮਣਕੂ ਜੁਆਇੰਟ ਸਬ-ਰਜਿਸਟਰਾਰ, ਦੌਲਤ ਰਾਮ ਤੇ ਇਕਬਾਲ ਸਿੰਘ (ਦੋਵੇਂ ਮਾਲ ਪਟਵਾਰੀ), ਸ਼ਿਆਮ ਲਾਲ ਤੇ ਹੰਸ ਰਾਜ ਦੋਵੇਂ ਵਾਸੀ ਪਿੰਡ ਮਾਜਰੀਆਂ (ਪੱਤੀ ਗੂੜਾ) ਜ਼ਿਲ੍ਹਾ ਐਸ.ਏ.ਐਸ. ਨਗਰ, ਰੱਬੀ ਸਿੰਘ ਵਾਸੀ ਪਿੰਡ ਕਰੋਰਾਂ, ਜ਼ਿਲ੍ਹਾ ਐਸ.ਏ.ਐਸ. ਨਗਰ, ਧਰਮ ਪਾਲ ਵਾਸੀ ਅਮਲੋਹ ਜ਼ਿਲ੍ਹਾ ਫਹਿਤਗੜ ਸਾਹਿਬ, ਸੁੱਚਾ ਰਾਮ ਵਾਸੀ ਪਿੰਡ ਕੈਂਬਾਲਾ, ਯੂ.ਟੀ. ਚੰਡੀਗੜ, ਪਰਮਜੀਤ ਸਿੰਘ ਵਾਸੀ ਪਿੰਡ ਹਰਦਾਸਪੁਰਾ, ਜ਼ਿਲ੍ਹਾ ਪਟਿਆਲਾ, ਰਵਿੰਦਰ ਸਿੰਘ ਪਿੰਡ ਸੌਢਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸ਼ਾਮਲ ਹਨ।
ਬੀ.ਕੇ. ਉੱਪਲ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਪਿੰਡ ਮਾਜਰੀਆਂ ਹਦਬਸਤ ਨੰਬਰ 343 ਦੇ ਮਾਲ ਰਿਕਾਰਡ ਦੀ ਜਮ੍ਹਾਬੰਦੀ ਸਾਲ 1983-1984 ਵਿੱਚ ਪਿੰਡ ਮਾਜਰੀਆਂ ਦੇ ਕੁੱਲ ਰਕਬੇ ਵਿੱਚੋਂ ਤਕਰੀਬਨ 29,000 ਕਨਾਲ ਜ਼ਮੀਨ ਸ਼ਾਮਲਾਟ ਦਰਸਾਈ ਗਈ ਸੀ। ਸਾਲ 1991 ਵਿੱਚ ਇਹ ਜ਼ਮੀਨ ਚੱਕਬੰਦੀ ਅਫਸਰ ਦੇ ਹੁਕਮਾਂ ਅਨੁਸਾਰ ਇੰਤਕਾਲ ਨੰਬਰ 2026 ਮਿਤੀ 07.05.1991 ਰਾਹੀਂ ਇਸ ਦੀ ਮਲਕੀਅਤ ਆਮ ਲੋਕਾਂ ਦੇ ਨਾਮ ’ਤੇ ਤਬਦੀਲ ਕੀਤੀ ਗਈ। ਇਸ ਜ਼ਮੀਨ ਵਿੱਚੋਂ 7113 ਕਨਾਲ ਰਕਬੇ ਦੀ ਤਕਸੀਮ ਇੰਤਕਾਲ ਨੰਬਰ 3159, ਮਿਤੀ 21.05.2004 ਰਾਹੀਂ ਕੀਤੀ ਜਾਣੀ ਪਾਈ ਗਈ ਹੈ। ਜਾਂਚ ਦੌਰਾਨ ਪਾਇਆ ਗਿਆ ਹੈ ਕਿ ਉਕਤ ਤਕਸੀਮ ਦੇ ਇੰਤਕਾਲ ਨੰਬਰ 3159 ਵਿੱਚ ਛੇੜਛਾੜ ਕਰਕੇ 14 ਵਿਅਕਤੀਆਂ ਦੇ ਨਾਮ ਫਰਜੀ ਦਰਜ ਕੀਤੇ ਅਤੇ ਉਨ੍ਹਾਂ ਦੇ ਨਾਵਾਂ ਉਪਰ ਤਕਰੀਬਨ 558 ਏਕੜ ਜ਼ਮੀਨ ਲਗਾਈ ਗਈ ਹੈ। ਅੱਗੋਂ ਇਸ ਜ਼ਮੀਨ ਨੂੰ ਸਾਲ 2010-11 ਵਿੱਚ ਪ੍ਰਾਪਰਟੀ ਡੀਲਰ ਅਤੇ ਭੂ ਮਾਫੀਆ ਦਾ ਕੰਮ ਕਰਨ ਵਾਲੇ ਦੋਸ਼ੀ ਸ਼ਿਆਮ ਲਾਲ ਤੇ ਹੰਸਰਾਜ ਦੋਵੇਂ ਵਾਸੀ ਪਿੰਡ ਮਾਜਰੀਆਂ, ਜਿਲਾ ਐਸ.ਏ.ਐਸ. ਨਗਰ, ਸੁੱਚਾ ਰਾਮ ਵਾਸੀ ਕੈਂਬਵਾਲਾ (ਚੰਡੀਗੜ), ਰੱਬੀ ਸਿੰਘ ਵਾਸੀ ਪਿੰਡ ਕਰੋਰਾ, ਐਸ.ਏ.ਐਸ ਨਗਰ ਅਤੇ ਧਰਮਪਾਲ ਵਾਸੀ ਅਮਲੋਹ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ, ਜਿਨ੍ਹਾਂ ਵਿੱਚ ਇਕਬਾਲ ਸਿੰਘ ਪਟਵਾਰੀ, ਨਾਇਬ ਤਹਿਸੀਲਦਾਰ ਰੁਪਿੰਦਰ ਮਣਕੂ ਆਦਿ ਸ਼ਾਮਲ ਸਨ, ਦੀ ਮਦਦ ਨਾਲ ਸਾਲ 2010-2011 ਵਿੱਚ ਆਪਣੇ ਨਾਵਾਂ ਪਰ ਮੁਖਤਿਆਰੇ ਆਮ ਬਣਾਏ ਗਏ ਅਤੇ ਇਨ੍ਹਾਂ ਮੁਖਤਿਆਰਨਾਮਿਆਂ ਰਾਹੀਂ ਉਪਰੋਕਤ ਜ਼ਮੀਨ ਆਮ ਵਿਅਕਤੀਆਂ ਨੂੰ ਵੇਚ ਦਿੱਤੀ ਗਈ।
ਉਨਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਮਿਤੀ 18.06.2014 ਅਤੇ ਮਿਤੀ 19.06.2014 ਨੂੰ ਕੇਵਲ 2 ਦਿਨਾਂ ਵਿੱਚ ਹੀ ਤਕਰੀਬਨ 578 ਏਕੜ ਜ਼ਮੀਨ ਦੇ 10 ਤਬਾਦਲੇ ਫਰਜ਼ੀ ਕੀਤੇ ਜਾਣੇ ਪਾਏ ਗਏ, ਜਿਨ੍ਹਾਂ ਦੇ ਸਹਿ ਦਸਤਾਵੇਜ਼ਾਂ ਦੀ ਪੜਤ ਪਟਵਾਰ ਅਤੇ ਪੜਤ ਸਰਕਾਰ ਨਾਲ ਇਹ ਦਸਤਾਵੇਜ਼, ਜਿਨ੍ਹਾਂ ਦੇ ਆਧਾਰ ਤੇ ਇਹ ਤਬਾਦਲੇ ਕੀਤੇ ਗਏ ਸਨ, ਮਾਲ ਵਿਭਾਗ ਦੇ ਰਿਕਾਰਡ ਵਿੱਚੋਂ ਖੁਰਦ-ਬੁਰਦ ਕਰ ਦਿੱਤੇ ਗਏ। ਇਨ੍ਹਾਂ ਫਰਜੀ ਤਬਾਦਲਿਆਂ ਦੇ ਇੰਤਕਾਲ ਪਟਵਾਰੀ ਦੌਲਤ ਰਾਮ ਅਤੇ ਉਸ ਵਕਤ ਦੇ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਵੱਲੋ ਤਸਦੀਕ ਕੀਤੇ ਗਏ ਹਨ। ਇਨ੍ਹਾਂ ਤਬਾਦਲਿਆਂ ਰਾਹੀਂ ਫਰਜੀ ਮਲਕੀਅਤਾਂ ਬਣਾ ਕੇ ਬਨਾਰਸੀ ਪੁੱਤਰ ਬਾਬੂ ਰਾਮ, ਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ, ਪਰਮਜੀਤ ਸਿੰਘ ਪੁੱਤਰ ਪਾਲ ਸਿੰਘ, ਸ਼ਿਆਮ ਲਾਲ ਪੁੱਤਰ ਕਾਲੂ ਰਾਮ ਆਦਿ ਵੱਲੋ ਆਮ ਵਿਅਕਤੀਆਂ ਨੂੰ ਇਹ ਜ਼ਮੀਨਾਂ ਵੱਖ-ਵੱਖ ਵਸੀਕਿਆਂ ਰਾਹੀਂ ਵੇਚ ਦਿੱਤੀਆਂ ਗਈਆਂ। ਵਿਜੀਲੈਂਸ ਬਿਊਰੋ ਦੇ ਮੁਖੀ ਨੇ ਦੱਸਿਆ ਕਿ ਉਪਰੋਕਤ ਤੋ ਇਲਾਵਾ 43 ਵਿਅਕਤੀਆਂ ਦਾ ਫਰਜੀ ਤਕਸੀਮ ਕੇਸ ਤਿਆਰ ਕਰਕੇ ਉਸਦਾ ਫੈਸਲਾ ਦੌਲਤ ਰਾਮ ਪਟਵਾਰੀ, ਵਰਿੰਦਰਪਾਲ ਸਿੰਘ ਧੂਤ, ਨਾਇਬ ਤਹਿਸੀਲਦਾਰ ਅਤੇ ਪ੍ਰਾਪਰਟੀ ਡੀਲਰ ਅਤੇ ਭੂਮੀ ਮਾਫੀਆਂ ਸ਼ਿਆਮ ਲਾਲ ਵਾਸੀ ਗੂੜਾ ਮਾਜਰੀਆਂ ਦੀ ਮਿਲੀ ਭੁਗਤ ਨਾਲ ਮਿਤੀ 20.12.2017 ਨੂੰ ਮਨਜੂਰ ਕੀਤਾ ਜਾਣਾ ਪਾਇਆ ਗਿਆ ਹੈ। ਇਸ ਫਰਜ਼ੀ ਤਕਸੀਮ ਕੇਸ ਵਿੱਚ ਕਿਸੇ ਵੀ ਪਟੀਸ਼ਨਰ ਜਾਂ ਰਿਸਪੋਡੈਂਟ ਨੂੰ ਕੋਈ ਇਤਲਾਹ ਨਹੀਂ ਕਰਵਾਈ ਗਈ, ਨਾ ਹੀ ਕਿਸੇ ਵਕੀਲ ਦਾ ਵਕਾਲਤਨਾਮਾ ਨੱਥੀ ਕੀਤਾ ਗਿਆ ਅਤੇ ਅਖਬਾਰ ਵਿੱਚ ਮਿਤੀ 14.04.2014 ਨੂੰ ਛੱਪੇ ਇੱਕ ਫਰਜੀ ਇਸ਼ਤਿਹਾਰ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਬਾਵਜੂਦ ਇਸ ਤਕਸੀਮ ਸਬੰਧੀ ਇੰਤਕਾਲ ਨੰਬਰ 4895 ਮਿਤੀ 21.12.2017 ਨੂੰ ਫੈਸਲੇ ਦੇ ਅਗਲੇ ਦਿਨ ਹੀ ਦੌਲਤ ਰਾਮ ਪਟਵਾਰੀ ਵੱਲੋ ਦਰਜ ਕਰ ਦਿੱਤਾ ਗਿਆ ਹੈ ਜਿਸ ਨੂੰ ਮਿਤੀ 27.12.2017 ਨੂੰ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਵੱਲੋ ਮਨਜੂਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੋਰ ਤਫ਼ਤੀਸ਼ ਜਾਰੀ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਬਖਸ਼ਿਆ ਜਾਵੇਗਾ।