Government school students : ਚੰਡੀਗੜ੍ਹ : ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਅਕਾਦਮਿਕ ਸੈਸ਼ਨ 2021-22 ਲਈ ਸਰਕਾਰੀ ਸਕੂਲਾਂ ਦੇ ਲਗਭਗ 13,48,632 ਵਿਦਿਆਰਥੀਆਂ ਨੂੰ ਉਨਾਂ ਦੇ ਘਰਾਂ ਵਿੱਚ ਹੀ ਮੁਫਤ ਵਰਦੀਆਂ ਉਪਲਬਧ ਕਰਵਾਈਆਂ ਜਾਣਗੀਆਂ ਅਤੇ ਇਸ ਸਬੰਧੀ ਸਿੱਖਿਆ ਵਿਭਾਗ ਵਲੋਂ 80.92 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਲੋੜੀਂਦੀ ਗ੍ਰਾਂਟ ਜਾਰੀ ਕਰਨ ਉਪਰੰਤ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਵਰਦੀਆਂ ਦੇ ਢੁਕਵੇਂ ਪ੍ਰਬੰਧ ਕਰਨ ਲਈ ਵਿਸਥਾਰਤ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ ਅਤੇ ਵਿਦਿਆਰਥੀਆਂ ਨੂੰ ਵਰਦੀਆਂ ਦੀ ਵੰਡ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਇੰਨ-ਬਿੰਨ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਵਰਦੀਆਂ ਦੀ ਖਰੀਦ ਲਈ ਇਹ ਫੰਡ ਜ਼ਿਲ੍ਹਾ ਪੱਧਰ ਤੋਂ ਸਿੱਧੇ ਸਕੂਲ ਪ੍ਰਬੰਧਨ ਕਮੇਟੀਆਂ (ਐਸ.ਐਮ.ਸੀ.) ਦੇ ਖਾਤੇ ਵਿੱਚ ਪਾਏ ਜਾਣਗੇ।
ਸਿੱਖਿਆ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਸਾਵਧਾਨੀਆਂ ਵਰਤ ਰਹੀ ਹੈ। ਉਨ੍ਹਾਂ ਦੱਸਿਆ ਕਿ ਘਰਾਂ ਤੱਕ ਵਰਦੀ ਮੁਹੱਈਆ ਕਰਵਾਉਣ ਤੋਂ ਇਲਾਵਾ ਕਿਸੇ ਵੀ ਵਿਦਿਆਰਥੀ ਨੂੰ ਵਰਦੀ ਦਾ ਮੇਚਾ (ਨਾਪ) ਦੇਣ ਲਈ ਸਕੂਲ ਨਹੀਂ ਬੁਲਾਇਆ ਜਾਵੇਗਾ। ਸਗੋਂ ਸਟਾਫ ਮਾਪਿਆਂ ਤੋਂ ਸਬੰਧਤ ਵਿਦਿਆਰਥੀ ਦਾ ਨਾਪ ਪ੍ਰਾਪਤ ਕਰੇਗਾ ਅਤੇ ਦਿੱਤੇ ਨਾਪ ਅਨੁਸਾਰ ਮੁਫਤ ਵਰਦੀਆਂ ਪ੍ਰਦਾਨ ਕਰਵਾਈਆਂ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਐਸ.ਐਮ.ਸੀਜ਼. ਨੂੰ ਹਰੇਕ ਵਿਦਿਆਰਥੀ ਦੀ ਨਿੱਜੀ ਸੁਰੱਖਿਆ ਲਈ ਉਨ੍ਹਾਂ ਨੂੰ ਦੋ-ਦੋ ਮਾਸਕ ਮੁਹੱਈਆ ਕਰਵਾਉਣ ਲਈ ਵੀ ਕਿਹਾ ਗਿਆ ਹੈ।
ਸਿੱਖਿਆ ਮੰਤਰੀ ਨੇ ਸ਼ੁੱਕਰਵਾਰ ਨੂੰ ਸਰਕਾਰੀ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਫਤ ਵਰਦੀਆਂ ਮੁਹੱਈਆ ਕਰਵਾਉਣ ਲਈ 80.92 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦੇਣ ਮੌਕੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਜਮਾਤਾਂ ਵਿੱਚ ਪੜ੍ਹਨ ਵਾਲੀਆਂ ਸਾਰੀਆਂ ਲੜਕੀਆਂ ਅਤੇ ਐੱਸ.ਸੀ./ ਐੱਸ.ਟੀ./ ਬੀਪੀਐਲ ਵਰਗ ਦੇ ਲੜਕਿਆਂ ਨੂੰ 600 ਪ੍ਰਤੀ ਵਰਦੀ ਦੀ ਲਾਗਤ ਨਾਲ ਮੁਫਤ ਵਰਦੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੁੱਲ 13,48,632 ਵਿਦਿਆਰਥੀਆਂ ਵਿੱਚੋਂ 7,65,024 ਲੜਕੀਆਂ ਹਨ ਜਦ ਕਿ 5,08,436 ਅਨੁਸੂਚਿਤ ਜਾਤੀ ਦੇ ਲੜਕੇ ਅਤੇ 75,172 ਬੀ.ਪੀ.ਐਲ. ਵਰਗ ਦੇ ਲੜਕੇ ਸ਼ਾਮਲ ਹਨ।
ਸਿੰਗਲਾ ਨੇ ਕਿਹਾ ਕਿ ਵਧੀਆ ਕੁਆਲਿਟੀ ਦੀ ਵਰਦੀ ਖਰੀਦਣ ਲਈ ਮਾਪਦੰਡ ਪਹਿਲਾਂ ਹੀ ਨਿਰਧਾਰਤ ਕਰ ਲਏ ਗਏ ਹਨ ਅਤੇ ਵਰਦੀਆਂ ਦੀ ਖ਼ਰੀਦ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਕੋਈ ਦਖਲਅੰਦਾਜੀ ਨਹੀਂ ਹੋਵੇਗੀ ਅਤੇ ਨਾ ਹੀ ਉਹ ਕਿਸੇ ਵੀ ਐੱਸ.ਐੱਮ.ਸੀ ਨੂੰ ਕਿਸੇ ਵਿਸ਼ੇਸ਼ ਵਿਕ੍ਰੇਤਾ ਜਾਂ ਦੁਕਾਨ ਤੋਂ ਵਰਦੀ ਦੀ ਖਰੀਦ ਲਈ ਕੋਈ ਜ਼ੁਬਾਨੀ ਜਾਂ ਲਿਖਤੀ ਨਿਰਦੇਸ਼ ਜਾਰੀ ਕਰਨਗੇ।
ਇਹ ਵੀ ਪੜ੍ਹੋ : ਸਾਗਰ ਪਹਿਲਵਾਨ ਕਤਲਕਾਂਡ ਮਾਮਲੇ ਦੇ ਪੰਜਾਬ ਨਾਲ ਜੁੜੇ ਤਾਰ, ਬਠਿੰਡਾ ਪਹੁੰਚੀ ਪੁਲਿਸ
ਮੰਤਰੀ ਨੇ ਕਿਹਾ ਜੇਕਰ ਕੋਈ ਅਧਿਕਾਰੀ ਖਰੀਦ ਪ੍ਰਕਿਰਿਆ ਵਿੱਚ ਦਖਲਅੰਦਾਜੀ ਕਰਦਾ ਪਾਇਆ ਗਿਆ ਤਾਂ ਦੋਸ਼ੀ ਪਾਏ ਜਾਣ ’ਤੇ ਸਬੰਧਤ ਅਧਿਕਾਰੀ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਲੜਕਿਆਂ ਨੂੰ ਸ਼ਰਟ, ਪੈਂਟ, ਪਟਕਾ ਜਾਂ ਟੋਪੀ, ਸਵੈਟਰ, ਜੁਰਾਬਾਂ ਅਤੇ ਜੁੱਤੇ ਦਿੱਤੇ ਜਾਣਗੇ ਅਤੇ ਵਿਦਿਆਰਥਣਾਂ ਨੂੰ ਸ਼ਰਟ-ਪੈਂਟ ਜਾਂ ਸਲਵਾਰ-ਕਮੀਜ਼, ਸਵੈਟਰ, ਜੁੱਤੇ ਅਤੇ ਜੁਰਾਬਾਂ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਕਲਾਸਾਂ ਦੀਆਂ ਵਿਦਿਆਰਥਣਾਂ ਲਈ ਪੈਂਟ- ਕਮੀਜ਼ ਬਦਲਵੇਂ ਹਨ, ਜਦਕਿ ਅੱਪਰ-ਪ੍ਰਾਇਮਰੀ ਕਲਾਸਾਂ ਦੀਆਂ ਕੁੜੀਆਂ ਲਈ ਸਲਵਾਰ-ਕਮੀਜ਼ ਮੁਫਤ ਵਰਦੀ ਦੇ ਹਿੱਸੇ ਵਜੋਂ ਲਾਜ਼ਮੀ ਹੋਵੇਗੀ।