ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਨੌਜਵਾਨਾਂ ਦੀ ਸ਼ਮੂਲੀਅਤ ਵਾਲੀ ਇੱਕ ਨਵੀਂ ਸ਼ੁਰੂਆਤ ਕੀਤੀ ਤਾਂ ਜੋ ‘ਕੋਰੋਨਾ ਮੁਕਤ ਪੰਜਾਬ ਅਭਿਆਨ’ ਦੇ ਹਿੱਸੇ ਵਜੋਂ ਸੂਬੇ ਦੇ ਮਿਸ਼ਨ ਫਤਹਿ 2.0 ਨੂੰ ਅੱਗੇ ਵਧਾਇਆ ਜਾ ਸਕੇ। ਉਨ੍ਹਾਂ ਕੋਰੋਨਾ ਦੀ ਮਹਾਮਾਰੀ ਨਾਲ ਲੜਣ ਲਈ ਹਰੇਕ ਪਿੰਡ ਜਾਂ ਹਰੇਕ ਮਿਊਂਸਪਲ ਵਾਰਡ ਸੱਤ ਰੂਰਲ ਕੋਰੋਨਾ ਵਲੰਟੀਅਰ (ਆਰ.ਸੀ.ਵੀ.) ਸਮੂਹ ਕਾਇਮ ਕਰਨ ਦੇ ਨਿਰਦੇਸ਼ ਵੀ ਦਿੱਤੇ।
ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਦੌਰਾਨ ਪਿੰਡਾਂ ਦੇ ਬੁਰੀ ਤਰਾਂ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਇਹ ਜ਼ਰੂਰੀ ਹੋ ਜਾਂਦਾ ਹੈ ਕਿ ‘ਕੋਰੋਨਾ ਮੁਕਤ ਪਿੰਡ’ ਲਈ ਇੱਕ ਸੁਚੱਜੀ ਮੁਹਿੰਮ ਚਲਾਈ ਜਾਵੇ। ਉਨ੍ਹਾਂ ਖੇਡ ਤੇ ਯੁਵਾ ਮਾਮਲੇ ਵਿਭਾਗ ਅਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਹਦਾਇਤਾਂ ਦਿੱਤੀਆਂ ਕਿ ਅਜਿਹੇ ਆਰ.ਸੀ.ਵੀ. ਸਮੂਹ ਤੁਰੰਤ ਕਾਇਮ ਕੀਤੇ ਜਾਣ ਜੋ ਕਿ ਕੋਰੋਨਾ ਖਿਲਾਫ ਜੰਗ ਵਿੱਚ ਅਹਿਮ ਯੋਗਦਾਨ ਪਾਉਣ। ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਕਲੱਬ ਵੀ ਆਰ.ਸੀ.ਵੀ. ਬਣ ਸਕਦੇ ਹਨ ਅਤੇ ਇਸ ਤਰ੍ਹਾਂ ਇਨ੍ਹਾਂ ਵੱਲੋਂ ਕੋਵਿਡ ਖਿਲਾਫ ਜੰਗ ਵਿੱਚ ਪੰਚਾਇਤਾਂ ਅਤੇ ਮਿਊਂਸਪੈਲਟੀਆਂ ਨੂੰ ਭਰਪੂਰ ਮਦਦ ਦਿੱਤੀ ਜਾ ਸਕਦੀ ਹੈ।
ਸੂਬੇ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਦੇ ਨੌਜਵਾਨਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਗਏ ਭਰਪੂਰ ਹੁੰਗਾਰੇ ਸਦਕਾ ਹੀ ਤਿੰਨ ਹਫਤਿਆਂ ਦੌਰਾਨ ਸੂਬੇ ਵਿਚ ਕੋਵਿਡ ਦੇ ਮਾਮਲੇ 9,000 ਤੋਂ ਘਟ ਕੇ 4,000 ਤੱਕ ਹੀ ਰਹਿ ਗਏ ਹਨ ਪਰ ਇਸ ਵਾਰ ਪੇਂਡੂ ਖੇਤਰਾਂ ਉੱਤੇ ਕੋਵਿਡ ਦੀ ਜ਼ਿਆਦਾ ਮਾਰ ਹੋਣ ਕਾਰਨ ਸਥਿਤੀ ਅਜੇ ਵੀ ਗੰਭੀਰ ਹੈ।
ਮੁੱਖ ਮੰਤਰੀ ਨੇ ਆਰ.ਸੀ.ਵੀਜ਼ ਨੂੰ ਟੈਸਟ, ਟਰੇਸ ਤੇ ਟਰੀਟ (ਜਾਂਚ, ਭਾਲ ਤੇ ਇਲਾਜ) ਸਬੰਧੀ ਲੋਕਾਂ ਨੂੰ ਜਾਗਰੂਕ ਕਰਨ, ਗਰੀਬ ਅਤੇ ਬਜ਼ੁਰਗ ਵਿਅਕਤੀਆਂ ਦੀ ਸੰਭਾਲ ਕਰਦੇ ਹੋਏ ਉਨ੍ਹਾਂ ਦੀ ਕੋਵਿਡ ਕੰਟਰੋਲ ਰੂਮ ਅਤੇ ਹੈਲਪਲਾਈਨਾਂ ਤੱਕ ਪਹੁੰਚ ਆਸਾਨ ਬਣਾਉਣ, ਸਾਰੇ ਪਿੰਡਾਂ ਵਿਚ ਠੀਕਰੀ ਪਹਿਰੇ ਲਾਉਣ, ਕੋਵਿਡ ਤੋਂ ਬਚਾਅ ਲਈ ਸਭ ਨਿਯਮਾਂ ਦਾ ਪਾਲਣਾ ਕਰਨ, ਚੰਗੀਆਂ ਇਲਾਜ ਸੁਵਿਧਾਵਾਂ ਹਾਸਲ ਕਰਨ ਵਿੱਚ ਪੇਂਡੂ ਲੋਕਾਂ ਦੀ ਮਦਦ ਕਰਨ, ਨੀਮ ਹਕੀਮਾਂ ਤੋਂ ਦੂਰ ਰਹਿਣ, ਕੋਵਾ ਐਪ ਡਾਊਨਲੋਡ ਕਰਨ ਤੋਂ ਇਲਾਵਾ ਬੈਨਰ ਅਤੇ ਕਿਤਾਬਚਿਆਂ ਆਦਿ ਪੇਸ਼ਕਦਮੀਆਂ ਦਾ ਦਾਇਰਾ ਵਧਾ ਕੇ ਹਰ ਵਿਅਕਤੀ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕੋਵਿਡ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਸੋਸ਼ਲ ਮੀਡੀਆ ਉੱਤੇ ਹੋ ਰਹੇ ਝੂਠੇ ਪ੍ਰਚਾਰ ਨੂੰ ਰੋਕਣ ਲਈ ਨੌਜਵਾਨਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਸਕਦੀ ਹੈ ਅਤੇ ਇਸ ਮਹਾਮਾਰੀ ਖਿਲਾਫ ਲੜਦੇ ਹੋਏ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਸੂਬਾ ਸਰਕਾਰ ਉਨਾਂ ਦੀ ਪੂਰੀ ਮਦਦ ਕਰੇਗੀ। ਮੁੱਖ ਮੰਤਰੀ ਨੇ ਸਟੀਰਾਇਡ ਦੇ ਲੋੜੋਂ ਵੱਧ ਇਸਤੇਮਾਲ ਕਾਰਨ ਫੈਲ ਰਹੀ ਬਲੈਕ/ਵ੍ਹਾਈਟ ਫੰਗਸ ਦੀ ਬਿਮਾਰੀ ਦੇ ਮੱਦੇਨਜ਼ਰ ਆਰ.ਸੀ.ਵੀਜ਼ ਨੂੰ ਪੇਂਡੂ ਖੇਤਰਾਂ ਦੇ ਲੋਕਾਂ ਦਰਮਿਆਨ ਕੋਵਿਡ ਦੇ ਇਲਾਜ ਸਬੰਧੀ ਸਾਰੇ ਨਿਰਧਾਰਤ ਨਿਯਮਾਂ ਦਾ ਪਾਲਣ ਕਰਨ ਬਾਰੇ ਜਾਗਰੂਕਤਾ ਫੈਲਾਉਣ ਦਾ ਵੀ ਹੋਕਾ ਦਿੱਤਾ।
ਮੁੱਖ ਮੰਤਰੀ ਨੇ ਅੱਜ ਇਹ ਐਲਾਨ ਕੀਤਾ ਕਿ ਯੁਵਾ ਮਾਮਲੇ ਵਿਭਾਗ ਵੱਲੋਂ 1 ਲੱਖ ਬੈਜ ਅਤੇ 1 ਲੱਖ ਕਾਰ ਸਟਿੱਕਰ, ਜਿਨ੍ਹਾਂ ਉੱਤੇ ‘ਮੈਂ ਟੀਕਾ ਲਗਵਾ ਚੁੱਕਿਆ ਹਾਂ’ ਲਿਖਿਆ ਹੋਵੇ, ਵੰਡੇ ਜਾਣ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਉਨ੍ਹਾਂ ਆਰ.ਸੀ.ਵੀਜ਼ ਨੂੰ ਕਿਹਾ ਕਿ ਲੋਕਾਂ ਨੂੰ ਟੀਕਾਕਰਨ ਕਰਵਾ ਲੈਣ ਮਗਰੋਂ ਇਸ ਜਾਣਕਾਰੀ ਦਾ ਖੁਲਾਸਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਹੋਰ ਲੋਕ ਵੀ ਟੀਕਾਕਰਨ ਲਈ ਅੱਗੇ ਆ ਸਕਣ।
ਕੋਰੋਨਾ ਖਿਲਾਫ ਲੜਾਈ ਵਿਚ ਉਸਾਰੂ ਭੂਮਿਕਾ ਨਿਭਾਉਣ ਲਈ ਮੁੱਖ ਮੰਤਰੀ ਵੱਲੋਂ ਹਰੇਕ ਆਰ.ਸੀ.ਵੀ ਨੂੰ ਇੱਕ-ਇੱਕ ਸਪੋਰਟਸ ਕਿੱਟ 12 ਅਗਸਤ ਨੂੰ ਕੌਮਾਂਤਰੀ ਯੁਵਾ ਦਿਵਸ ਮੌਕੇ ਦਿੱਤੀ ਜਾਵੇਗੀ। ਇਸ ਮਕਸਦ ਲਈ ਉਨ੍ਹਾਂ ਖੇਡ ਅਤੇ ਯੁਵਾ ਮਾਮਲੇ ਵਿਭਾਗ ਨੂੰ 15 ਹਜ਼ਾਰ ਕਿੱਟਾਂ ਦੀ ਤੁਰੰਤ ਖਰੀਦ ਕਰਨ ਲਈ ਵੀ ਕਿਹਾ।
ਇਹ ਉਮੀਦ ਜ਼ਾਹਰ ਕਰਦੇ ਹੋਏ ਕਿ ਮਿਸ਼ਨ 2.0 ਕੋਵਿਡ ਖਿਲਾਫ ਜੰਗ ਵਿਚ ਆਖਰੀ ਮਿਸ਼ਨ ਸਿੱਧ ਹੋਵੇਗਾ, ਮੁੱਖ ਮੰਤਰੀ ਨੇ ਇਸ ਦੇ ਨਾਲ ਹੀ ਤੀਜੀ ਸੰਭਾਵੀ ਲਹਿਰ ਲਈ ਵੀ ਤਿਆਰ ਰਹਿਣ ਦਾ ਸੱਦਾ ਦਿੱਤਾ। ਫੌਜ ਦੀ ਮਿਸਾਲ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਦੁਸ਼ਮਣ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਅਤੇ ਸਾਨੂੰ ਲੜਾਈ ਲਈ ਸਦਾ ਤਿਆਰ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Covid Vaccination : ਪੰਜਾਬ ‘ਚ ਹੁਣ ਦੁਕਾਨਦਾਰਾਂ, ਰੇਹੜੀ ਵਾਲਿਆਂ ਸਣੇ ਇਨ੍ਹਾਂ ਸਾਰਿਆਂ ਨੂੰ ਤਰਜੀਹੀ ਆਧਾਰ ‘ਤੇ ਲੱਗੇਗਾ ਟੀਕਾ
ਟੀਕਿਆਂ ਦੀ ਘਾਟ ਸਬੰਧੀ ਚਿੰਤਾ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਾਰੇ ਸੰਭਾਵੀ ਸਰੋਤਾਂ ਪਾਸੋਂ ਟੀਕੇ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਖਾਸ ਕਰਕੇ ਯੂ.ਕੇ. ਦੀ ਕਿਸਮ ਤੇਜ਼ੀ ਨਾਲ ਫੈਲਣ ਕਾਰਨ ਲੋਕਾਂ ਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਸਿਰਫ ਟੀਕਾਕਰਨ ਹੀ ਇਸ ਮਹਾਂਮਾਰੀ ਤੋਂ ਬਚਾਅ ਦਾ ਰਾਹ ਹੈ। ਇਸੇ ਕਰਕੇ ਹੀ ਟੀਕਿਆਂ ਦੀ ਮੰਗ ਵਧ ਰਹੀ ਹੈ। ਇਹ ਸਮਾਗਮ ਸਾਰੇ ਜ਼ਿਲਿਆਂ, ਉਪ ਮੰਡਲ ਮੁੱਖ ਦਫ਼ਤਰਾਂ ਅਤੇ 500 ਪੇਂਡੂ ਤੇ ਸ਼ਹਿਰੀ ਸਥਾਨਾਂ ਉੱਤੇ ਇੱਕੋ ਸਮੇਂ ਪ੍ਰਸਾਰਿਤ ਹੋਇਆ ਅਤੇ ਇਸ ਦੀ ਪ੍ਰਧਾਨਗੀ ਸਪੀਕਰ, ਡਿਪਟੀ ਸਪੀਕਰ, ਮੰਤਰੀ, ਸੰਸਦ ਮੈਂਬਰ, ਵਿਧਾਇਕ, ਡਿਪਟੀ ਕਮਿਸ਼ਨਰ, ਐਸ.ਡੀ.ਐਮ, ਮੇਅਰ, ਐਮ.ਸੀ. ਪ੍ਰਧਾਨ, ਜ਼ਿਲਾ ਪ੍ਰੀਸ਼ਦ ਚੇਅਰਮੈਨ ਤੇ ਮੈਂਬਰ ਅਤੇ ਪੰਚਾਇਤ ਸੰਮਤੀਆਂ/ਸਰਪੰਚਾਂ ਵੱਲੋਂ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ’ਚ ਬਲੈਕ ਫੰਗਸ ਦੇ ਮਾਮਲੇ ਹੋਏ 188, ਕੈਪਟਨ ਨੇ ਦਵਾਈਆਂ ਨੂੰ ਲੈ ਕੇ ਦਿੱਤੇ ਇਹ ਹੁਕਮ
ਇਸ ਮੌਕੇ ਨੌਜਵਾਨ ਵਰਗ ਵਿਚ ਹਰਮਨਪਿਆਰੇ ਅਤੇ ਸੂਬੇ ਦੀ ਕੋਵਿਡ ਟੀਕਾਕਰਨ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਫਿਲਮ ਅਦਾਕਾਰ ਸੋਨੂੰ ਸੂਦ ਨੇ ਖਾਸ ਕਰਕੇ ਪੇਂਡੂ ਖੇਤਰਾਂ ਵਿਚ ਟੀਕਾਕਰਨ ਦੀ ਮਹੱਤਤਾ ਤੋਂ ਲੋਕਾਂ ਨੂੰ ਜਾਣੂ ਕਰਵਾਏ ਜਾਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ’ਤੇ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ ਕਿ ਸੂਬੇ ਨੂੰ ਭਾਰਤ ਬਾਇਓਟੈਕ ਤੋਂ ਵੱਧ ਤੋਂ ਵੱਧ ਗਿਣਤੀ ਵਿਚ ਟੀਕਿਆਂ ਦੀ ਸਪਲਾਈ ਮਿਲ ਸਕੇ। ਉਨ੍ਹਾਂ ਸਰਕਾਰੀ ਹਸਪਤਾਲ, ਮੋਗਾ ਵਿਖੇ ਇੱਕ ਮੈਡੀਕਲ ਆਕਸੀਜਨ ਪਲਾਂਟ ਸਥਾਪਤ ਕਰਨ ਦੀ ਵੀ ਇੱਛਾ ਜਤਾਈ।