ਤਰਨਤਾਰਨ ਜ਼ਿਲ੍ਹੇ ਦੇ ਪੱਟੀ ਸ਼ਹਿਰ ਵਿੱਚ ਬੀਤੀ 27 ਮਈ ਨੂੰ ਕਾਰ ਸਵਾਰ ਵਿਅਕਤੀਆਂ ਵੱਲੋਂ ਅਮਨਦੀਪ ਸਿੰਘ ਫੌਜੀ ਅਤੇ ਪ੍ਰਭਜੀਤ ਸਿੰਘ ਪੂਰਨ ਨਾਮ ਦੇ ਦੋ ਨੋਜਵਾਨਾਂ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ, ਪੁਲਿਸ ਵੱਲੋਂ ਉਕਤ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਘਟਨਾ ਵਿੱਚ ਸ਼ਾਮਲ ਮਲਕੀਤ ਸਿੰਘ ਲੱਡੂ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕੋਲੋਂ ਦੋ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਉਕਤ ਕਤਲ ਕੇਸ ਬਾਰੇ ਜਾਣਕਾਰੀ ਦਿੰਦਿਆਂ ਤਰਨਤਾਰਨ ਪੁਲਿਸ ਦੇ ਐੱਸਐੱਸਪੀ ਧਰੁਮਣ ਐਚ ਨਿੰਬਲੇ ਨੇ ਦੱਸਿਆ ਕਿ ਮਲਕੀਤ ਸਿੰਘ ਲੱਡੂ ਦੇ ਹਰੀਕੇ ਦੇ ਪਰਮਜੀਤ ਸਿੰਘ ਆੜ੍ਹਤੀ ਨਾਲ ਅਤੇ ਪਰਮਜੀਤ ਦੇ ਗੈਂਗਸਟਰ ਲਖਬੀਰ ਸਿੰਘ ਲੰਡਾ ਨਾਲ ਸਬੰਧ ਸਨ। ਲਖਬੀਰ ਸਿੰਘ ਲੰਡਾ ਅੱਜਕਲ੍ਹ ਵਿਦੇਸ਼ ਵਿੱਚ ਰਹਿੰਦਾ ਹੈ। ਲਖਬੀਰ ਸਿੰਘ ਲੰਡਾ ਦੀ ਮਲਕੀਤ ਸਿੰਘ ਲੱਡੂ ਨਾਲ ਜਾਣ-ਪਛਾਣ ਵੀ ਪਰਮਜੀਤ ਆੜ੍ਹਤੀ ਰਾਹੀਂ ਹੋਈ ਸੀ। ਲਖਬੀਰ ਸਿੰਘ ਲੰਡਾ ਦਾ ਸਾਰਾ ਕੰਮ-ਕਾਰ ਪਰਮਜੀਤ ਸਿੰਘ ਆੜ੍ਹਤੀ ਹੀ ਦੇਖਦਾ ਹੈ
ਪਿਛਲੇ ਦਿਨੀਂ ਲਖਬੀਰ ਸਿੰਘ ਲੰਡਾ ਕੋਲ ਫੋਨ ’ਤੇ ਕਿਸੇ ਕੋਲੋਂ ਫਿਰੌਤੀ ਮੰਗੀ ਗਈ ਸੀ. ਲੇਕਿਨ ਅਮਨਦੀਪ ਸਿੰਘ ਫੌਜੀ ਅਤੇ ਉਸ ਦੇ ਸਾਥੀਆਂ ਨੇ ਫਿਰੌਤ ਦੇਣ ਵਾਲੇ ਵਿਅਕਤੀ ਨੂੰ ਰੋਕ ਦਿੱਤਾ ਗਿਆ ਸੀ। ਲਖਬੀਰ ਸਿੰਘ ਲੰਡਾ ਦੇ ਘਰ ’ਤੇ ਫਾਇਰਿੰਗ ਵੀ ਕਰਵਾਈ ਗਈ ਸੀ, ਜਿਸ ਦੀ ਰੰਜਿਸ਼ ਤਹਿਤ ਲਖਬੀਰ ਸਿੰਘ ਲੰਡਾ ਨੇ ਆਪਣੇ ਸਾਥੀ ਪ੍ਰੀਤ ਸੇਖੋਂ ਦੀ ਮਦਦ ਨਾਲ ਅਮਨਦੀਪ ਸਿੰਘ ਫੌਜੀ ਅਤੇ ਪ੍ਰਭਜੀਤ ਸਿੰਘ ਪੂਰਨ ਦਾ ਕਤਲ ਕਰਵਾਇਆ ਗਿਆ ਹੈ।
ਐੱਸਐੱਸਪੀ ਨੇ ਦੱਸਿਆ ਕਿ ਅਮਨਦੀਪ ਸਿੰਘ ਫੌਜੀ ਅਤੇ ਮਲਕੀਤ ਸਿੰਘ ਲੱਡੂ ਟਰੱਕ ਯੂਨੀਅਨ ਪੱਟੀ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਵਾਰ ਝਗੜਾ ਵੀ ਕਰ ਚੁੱਕੇ ਸਨ। ਐੱਸਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮਲਕੀਤ ਸਿੰਘ ਲੱਡੂ ਵੱਲੋਂ ਲਖਬੀਰ ਸਿੰਘ ਲੰਡਾ ਵੱਲੋਂ ਭੇਜੇ ਗਏ ਕਾਤਲਾਂ ਨੂੰ ਮ੍ਰਿਤਕ ਅਮਨਦੀਪ ਸਿੰਘ ਫੌਜੀ ਦੇ ਘਰ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਸੀ। ਉਸੇ ਜਾਣਕਾਰੀ ਦੇ ਆਧਾਰ ’ਤੇ ਦੋਸ਼ੀਆਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਇਲਾਕੇ ‘ਚ ਲੱਗੇ ‘ਸਿੱਧੂ ਗੁੰਮਸ਼ੁਦਾ’ ਦੇ ਪੋਸਟਰ, ਲੱਭਣ ਵਾਲੇ ਨੂੰ ਇਨਾਮ
ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਲੱਡੂ ਕੋਲੋਂ ਰਿਮਾਂਡ ਲੈਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੀ ਛਾਪੇਮਾਰੀ ਜਾ ਰਹੀ ਹੈ।