ਮਲੇਰਕੋਟਲਾ/ਸੰਗਰੂਰ : ਪੰਜਾਬ ਦੇ ਨਵੇਂ ਬਣੇ 23ਵੇਂ ਜ਼ਿਲੇ ਮਲੇਰਕੋਟਲਾ ਦੇ ਨਵੇਂ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਆਈ.ਏ.ਐਸ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ।
ਗਿੱਲ ਨੇ ਅਹੁਦਾ ਸੰਭਾਲਣ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੇ ਕੀਤੇ ਐਲਾਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 5 ਜੂਨ ਨੂੰ ਮਾਲੇਰਕੋਟਲਾ ਦਾ ਜ਼ਿਲ੍ਹੇ ਵਜੋਂ ਰਸਮੀ ਉਦਘਾਟਨੀ ਸਮਾਰੋਹ ਹੁਣ 7 ਜੂਨ 2021 ਨੂੰ ਹੋਵੇਗਾ।
ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਸਮੇਤ ਮਾਲੇਰਕੋਟਲਾ ਦਾ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਨਵੇਂ ਸਿਰੇ ਤੋਂ ਤਾਇਨਾਤ ਕੀਤਾ ਜਾ ਰਿਹਾ ਹੈ, ਜਿਸ ਕਰਕੇ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਲਈ ਇਹ ਪ੍ਰੋਗਰਾਮ ਅੱਗੇ ਪਾਇਆ ਜਾ ਰਿਹਾ ਹੈ।
ਗਿੱਲ ਨੇ ਕਿਹਾ ਕਿ ਉਹ ਖੁਦ ਨੂੰ ਖਸ਼ਕਿਸਮਤ ਸਮਝਦੇ ਹਨ ਕਿ ਮਾਲੇਰਕੋਟਲਾ ਦੀ ਇਤਿਹਾਸਕ ਧਰਤੀ ’ਤੇ ਨਵੇਂ ਬਣੇ ਜ਼ਿਲੇ ’ਚ ਬਤੌਰ ਪਹਿਲੇ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਯੋਗ ਲਾਭਪਤਾਰੀਆਂ ਨੂੰ ਲਾਭ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੀ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ 2010 ਬੈਚ ਦੇ ਆਈ.ਏ.ਐਸ ਅਧਿਕਾਰੀ ਹਨ। ਗਿੱਲ ਇਸ ਤੋਂ ਪਹਿਲਾ ਜ਼ਿਲਾ ਫਤਿਹਗੜ੍ਹ ਸਾਹਿਬ ਵਿਖੇ ਬਤੌਰ ਡਿਪਟੀ ਕਮਿਸ਼ਨਰ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਡਿਪਟੀ ਕਮਿਸ਼ਨਰ ਸ਼੍ਰੀਮਤੀ ਗਿੱਲ ਅਹੁਦਾ ਸੰਭਾਲਣ ਤੋਂ ਪਹਿਲਾ ਇਤਿਹਾਸਕ ਗੁਰਦੁਆਰਾ ਹਾਅ ਦਾ ਨਾਅਰਾ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਮਲੇਰਕੋਟਲਾ ਜ਼ਿਲੇ ਦੇ ਨਵੇਂ ਐੱਸਐੱਸਪੀ ਕੰਵਰਦੀਪ ਕੌਰ ਵੀ ਹਾਜ਼ਰ ਸਨ। ਇਸ ਤੋਂ ਬਾਅਦ ਐੱਸਐੱਸਪੀ ਕੰਵਰਦੀਪ ਕੌਰ ਨੇ ਵੀ ਮਾਲੇਰਕੋਟਲਾ ਵਿਖੇ ਆਪਣੇ ਦਫਤਰ ਵਿਖੇ ਅਹੁਦਾ ਸੰਭਾਲਿਆ।
ਇਹ ਵੀ ਪੜ੍ਹੋ : ਚੰਗੀ ਖਬਰ : TET ‘ਤੇ ਸਰਕਾਰ ਦਾ ਵੱਡਾ ਫੈਸਲਾ, ਹੁਣ ਲਾਈਫਟਾਈਮ ਲਈ ਮੰਨਣਯੋਗ ਹੋਵੇਗਾ ਸਰਟੀਫਿਕੇਟ
ਇਸ ਮੌਕੇ ਐਸਐਸਪੀ ਸੰਗਰੂਰ ਵਿਵੇਕਸ਼ੀਲ ਸੋਨੀ, ਐਸ.ਡੀ.ਐਮ. ਮਾਲੇਰਕੋਟਲਾ ਸ੍ਰੀ ਟੀ.ਬੈਨਿਥ, ਤਹਿਸੀਲਦਾਰ ਮਲੇਰਕੋਟਲਾ ਬਾਦਲਦੀਨ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।