ਜ਼ਿਲ੍ਹਾ ਰੂਪਨਗਰ ਦੇ ਥਾਣਾ ਸਿੰਘ ਭਗਵੰਤਪੁਰਾ ਅਧੀਨ ਪੈਂਦੇ ਪਿੰਡ ਚੰਝੇੜੀ ਦੇ ਇੱਕ 38 ਸਾਲਾ ਵਿਅਕਤੀ ਬਿਕਰਮ ਸਿੰਘ ਨੇ ਆਪਣੀ ਪਤਨੀ ਤੋਂ ਤੰਗ ਆ ਕੇ ਘਰ ਵਿਚ ਪੱਖੇ ਨਾਲ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ । ਮ੍ਰਿਤਕ ਬਿਕਰਮ ਦੇ ਭਰਾ ਅਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਮ੍ਰਿਤਕ ਦੀ ਪਤਨੀ ਦੇ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧਾਂ ਦੇ ਦੋਸ਼ ਲਗਾਏ ਹਨ।
ਦਰਅਸਲ ਬੀਤੇ ਦਿਨ ਮ੍ਰਿਤਕ ਨੌਜਵਾਨ ਵੱਲੋਂ ਪੁਲਿਸ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਸੀ ਜਿਸ ਦੇ ਵਿਚ ਪੁਲਿਸ ਨੂੰ ਦੱਸਿਆ ਗਿਆ ਸੀ ਕਿ ਕਰੀਬ ਚੌਦਾਂ ਸਾਲ ਪਹਿਲਾਂ ਉਸ ਦਾ ਵਿਆਹ ਗੁਰਪ੍ਰੀਤ ਕੌਰ ਦੇ ਨਾਲ ਹੋਇਆ ਸੀ ਅਤੇ ਉਨ੍ਹਾਂ ਦੀ ਇਕ ਚਾਰ ਸਾਲਾ ਬੇਟੀ ਵੀ ਹੈ, ਪ੍ਰੰਤੂ ਕੁਝ ਦਿਨ ਪਹਿਲਾਂ ਉਸ ਦੀ ਪਤਨੀ ਬੇਟੀ ਨੂੰ ਨਾਲ ਲੈਕੇ ਘਰ ‘ਚੋਂ ਨਕਦੀ ਅਤੇ ਗਹਿਣੇ ਚੁੱਕ ਕਿਸੇ ਹੋਰ ਵਿਅਕਤੀ ਦੇ ਨਾਲ ਚਲੀ ਗਈ। ਮ੍ਰਿਤਕ ਦੀ ਇਹ ਸ਼ਿਕਾਇਤ ਹਾਲੇ ਪੁਲਸ ਦੇ ਕੋਲ ਜਾਂਚ ਅਧੀਨ ਪਈ ਸੀ ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਭਰਤੀ ਲਈ ਫਿਰੋਜ਼ਪੁਰ ਪੁਲਿਸ ਦੀ ਚੰਗੀ ਪਹਿਲ- ਇਨ੍ਹਾਂ ਸ਼ਹਿਰਾਂ ‘ਚ ਲੱਗੇਗਾ ਮੁਫਤ ਪੁਲਿਸ ਟ੍ਰੇਨਿੰਗ ਕੈਂਪ
ਪਰ ਇਸ ਤੋਂ ਪਹਿਲਾਂ ਹੀ ਬਿਕਰਮ ਨੇ ਖੌਫਨਾਕ ਕਦਮ ਚੁੱਕਦੇ ਹੋਏ ਆਪਣੇ ਘਰ ਦੇ ਵਿਚ ਪੱਖੇ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਮ੍ਰਿਤਕ ਬਿਕਰਮ ਦੇ ਭਰਾ ਅਤੇ ਰਿਸ਼ਤੇਦਾਰਾਂ ਨੇ ਬਿਕਰਮ ਦੀ ਪਤਨੀ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਿਕਰਮ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸਨ ਜਿਸ ਕਰਕੇ ਉਹ ਮਾਨਿਸਕ ਪ੍ਰੇਸ਼ਾਨ ਰਹਿੰਦਾ ਸੀ। ਉਹ ਘਰੋਂ ਚਲੀ ਗਈ ਸੀ। ਬਿਕਰਮ ਨੇ ਇਸ ਦੇ ਵਿੱਚ ਆਪਣੀ ਬੇਇਜ਼ਤੀ ਮਹਿਸੂਸ ਕਰਦੇ ਹੋਏ ਆਤਮਹੱਤਿਆ ਕਰ ਲਈ ।
ਮਾਮਲੇ ਵਿਚ ਪੁਲਿਸ ਵੱਲੋਂ ਮ੍ਰਿਤਕ ਬਿਕਰਮ ਦੇ ਭਰਾ ਦੇ ਬਿਆਨਾਂ ਤੋਂ ਬਾਅਦ ਬਿਕਰਮ ਦੀ ਪਤਨੀ ਗੁਰਪ੍ਰੀਤ ਕੌਰ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ ਜਾਰੀ ਹੈ । ਇਸ ਸੰਬੰਧੀ ਡੀ ਐੱਸ ਪੀ ਤਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਬਿਕਰਮ ਸਿੰਘ ਦੀ ਪਤਨੀ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ।