ਚੰਡੀਗੜ੍ਹ :ਸ. ਬਲਬੀਰ ਸਿੰਘ ਸਿੱਧੂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਅੱਜ 128 ਮੈਡੀਕਲ ਮਾਹਿਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ‘ਘਰ ਘਰ ਰੋਜ਼ਗਾਰ ਯੋਜਨਾ’ ਤਹਿਤ ਸੂਬੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਵੱਖ ਵੱਖ ਸ਼੍ਰੇਣੀਆਂ ਅਧੀਨ ਲਗਭਗ 11,500 ਅਸਾਮੀਆਂ ਪਹਿਲਾਂ ਹੀ ਭਰੀਆਂ ਜਾ ਚੁੱਕੀਆਂ ਹਨ।
ਸ੍ਰੀ ਹੁਸਨ ਲਾਲ ਪ੍ਰਮੁੱਖ ਸਕੱਤਰ ਸਿਹਤ ਨੇ ਦੱਸਿਆ ਕਿ ਅੱਜ ਨਿਯੁਕਤੀ ਪ੍ਰਕਿਰਿਆ ਵਿਚ 41-ਮਾਈਕ੍ਰੋਬਾਇਓਲੌਜਿਸਟ, 21-ਈ.ਐਨ.ਟੀ., 13- ਕਮਿਉਨਿਟੀ ਮੈਡੀਸਨ, 17- ਪੈਥੋਲੋਜੀ, 11-ਮਨੋਰੋਗੀ ਮਾਹਿਰਾਂ, 13-ਅੱਖਾਂ ਦੇ ਮਾਹਰ, 19-ਜਨਰਲ ਸਰਜਰੀ, 6-ਚਮੜੀ ਅਤੇ ਵੀ.ਡੀ. ਦੇ ਮਾਹਿਰਾਂ, 10-ਫੋਰੈਂਸਿਕ ਮੈਡੀਸਨ ਅਤੇ 4-ਬੀ.ਟੀ.ਓ. ਦੀ ਮੈਡੀਕਲ ਮਾਹਿਰਾਂ ਵਜੋਂ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਜਿਹੇ ਹੀ ਵਿਭਾਗ ਵਿੱਚ ਮੈਡੀਕਲ ਅਫ਼ਸਰਾਂ, ਫਾਰਮੇਸੀ ਅਧਿਕਾਰੀਆਂ ਅਤੇ ਦਰਜਾ-4 ਦੇ ਕਰਮਚਾਰੀਆ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ।
ਨਵੇਂ ਭਰਤੀ ਹੋਏ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਡਾਇਰੈਕਟਰ ਸਿਹਤ ਸੇਵਾਵਾਂ ਡਾ. ਜੀ.ਬੀ. ਸਿੰਘ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਸਾਰੇ ਡਾਕਟਰੀ ਅਮਲੇ ਨੇ ਪੂਰੀ ਤਨਦੇਹੀ ਨਾਲ ਕੰਮ ਕੀਤਾ ਅਤੇ ਇਨ੍ਹਾਂ ਨਵੀਆਂ ਨਿਯੁਕਤੀਆਂ ਨਾਲ ਮਹਾਮਾਰੀ ਸਬੰਧੀ ਡਿਊਟੀਆਂ ਵਿੱਚ ਲੱਗੇ ਮੈਡੀਕਲ ਅਮਲੇ ਨੂੰ ਰਾਹਤ ਮਿਲੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੱਸੀ ਪਠਾਣਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ, ਸਿਹਤ ਮੰਤਰੀ ਦੇ ਓਐਸਡੀ ਡਾ. ਬਲਵਿੰਦਰ ਸਿੰਘ, ਸੁਪਰਡੈਂਟ ਨਿਰਲੇਪ ਕੌਰ ਅਤੇ ਮਾਸ ਮੀਡੀਆ ਅਧਿਕਾਰੀ ਗੁਰਮੀਤ ਸਿੰਘ ਰਾਣਾ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਕੈਪਟਨ ਨੇ PMAGY ਤਹਿਤ 50 ਪਿੰਡਾਂ ਲਈ 10.50 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੇ ਦਿੱਤੇ ਹੁਕਮ