ਪੰਜਾਬ ਕਾਂਗਰਸ ਵਿੱਚ ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਮਨ-ਮੁਟਾਅ ਵਿਚਾਲੇ ਵੱਡੀ ਖਬਰ ਆਈ ਹੈ। ਸਿੱਧੂ ਦੀ ਤਾਜਪੋਸ਼ੀ ਦੇ ਪ੍ਰੋਗਰਾਮ ਵਿੱਚ ਪਹੁੰਚਣ ਲਈ ਵੱਡੇ-ਵੱਡੇ ਸਿਆਸੀ ਆਗੂ ਕੈਪਟਨ ਨੂੰ ਮਨਾਉਣ ਵਿੱਚ ਲੱਗੇ ਹੋਏ ਸਨ, ਹੁਣ ਮੁੱਖ ਮੰਤਰੀ ਨੇ ਨਵਜੋਤ ਸਿੱਧੂ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ।
ਇਹ ਜਾਣਕਾਰੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦਿੱਤੀ। ਦੱਸਣਯੋਗ ਹੈ ਕਿ 23 ਜੁਲਾਈ ਸ਼ੁੱਕਰਵਾਰ ਨੂੰ ਸਿੱਧੂ ਆਪਣਾ ਪ੍ਰਧਾਨਗੀ ਦਾ ਅਹੁਦਾ ਸੰਭਾਲਣਗੇ। ਸਵੇਰੇ 11 ਵਜੇ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸਿੱਧੂ ਚਾਰ ਕਾਰਜਕਾਰੀ ਪ੍ਰਧਾਨਾਂ ਸਣੇ ਇਹ ਚਾਰਜ ਸੰਭਾਲਣਗੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ 10 ਵਜੇ ਸਵੇਰੇ ਪੰਜਾਬ ਭਵਨ ਵਿੱਚ ਵਿਧਾਇਕਾਂ ਨਾਲ ਟੀ-ਪਾਰਟੀ ਰੱਖੀ ਹੈ।
ਇਥੇ ਹੀ ਉਹ ਸਾਰੇ ਮੰਤਰੀਆਂ ਤੇ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ ਤੇ ਇਥੋਂ ਹੀ ਫੇਰ ਸਮਾਗਮ ਵਾਲੀ ਥਾਂ ਪੰਜਾਬ ਕਾਂਗਰਸ ਭਵਨ ਵਿਖੇ ਪਹੁੰਚਣਗੇ। ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਵੀ ਪੰਜਾਬ ਭਵਨ ਪਹੁੰਚ ਸਕਦੇ ਹਨ ਤੇ ਮੁੱਖ ਮੰਤਰੀ ਨਾਲ ਇੱਥੇ ਹੀ ਸੁਲਹ-ਸਫਾਈ ਹੋ ਸਕਦੀ ਹੈ।
ਇਸ ਤੋਂ ਇਲਾਵਾ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਸਿੱਧੂ ਇਸ ਤੋਂ ਪਹਿਲਾਂ ਹੀ ਕੈਪਟਨ ਨੂੰ ਮਿਲ ਲੈਣ ਜਾਂ ਫਿਰ ਦੋਵੇਂ ਜਣੇ ਪੰਜਾਬ ਭਵਨ ‘ਚੋਂ ਇਕੱਠੇ ਹੀ ਪੰਜਾਬ ਕਾਂਗਰਸ ਭਵਨ ਲਈ ਰਵਾਨਾ ਹੋਣ ਪਰ ਅਜੇ ਤਕ ਸਰਕਾਰੀ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਹੋਈ।
ਜ਼ਿਕਰਯੋਗ ਹੈ ਕਿ ਕੈਪਟਨ ਨੂੰ ਸਿੱਧੂ ਦੇ ਤਾਜਪੋਸ਼ੀ ਪ੍ਰੋਗਰਾਮ ਵਿੱਚ ਆਉਣ ਵਾਸਤੇ ਮਨਾਉਣ ਲਈ ਦੋਵੇਂ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਤੇ ਕੁਲਜੀਤ ਨਾਗਰਾ ਨੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਸਿਸਵਾਂ ਫਾਰਮ ਹਾਊਸ ‘ਤੇ ਮਿਲੇ ਸਨ। ਅਖੀਰ ਉਨ੍ਹਾਂ ਦੀ ਗੱਲ ਸਵੀਕਾਰ ਕਰਦੇ ਹੋਏ ਕੈਪਟਨ ਨੇ ਇਹ ਸੱਦਾ ਕਬੂਲ ਹੀ ਲਿਆ।
ਇਹ ਵੀ ਪੜ੍ਹੋ : ਸਿੱਧੂ ਦੀ ਤਾਜਪੋਸ਼ੀ ‘ਚ ਸ਼ਾਮਿਲ ਹੋਣ ਲਈ CM ਕੈਪਟਨ ਨੂੰ ਮਨਾਉਣ ‘ਚ ਲੱਗੇ ਕੁਲਜੀਤ ਨਾਗਰਾ : ਸੂਤਰ