ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਨੇ ਫਿਰ ਆਪਣੀ ਵਰਦੀ ਨੂੰ ਦਾਗਦਾਰ ਕਰਦਿਆਂ ਅੰਮ੍ਰਿਤਸਰ ਵਿੱਚ ਇੱਕ ਨਵਾਂ ਹੀ ਨਜ਼ਾਰਾ ਪੇਸ਼ ਕੀਤਾ। ਕਪੂਰਥਲਾ ਪੁਲਿਸ ਲਾਈਨ ਵਿੱਚ ਤਾਇਨਾਤ ਇੱਕ ਕਾਂਸਟੇਬਲ ਅਤੇ ਉਸਦੇ ਦੋ ਦੋਸਤਾਂ ਨੇ ਇੱਕ 11 ਸਾਲ ਦੇ ਬੱਚੇ ਦੇ ਹੱਥੋਂ ਮੋਬਾਈਲ ਖੋਹ ਲਿਆ ਅਤੇ ਉਹ ਆਪਣੇ ਸਾਥੀ ਨਾਲ ਬਾਈਕ ‘ਤੇ ਭੱਜਣ ਲੱਗਾ।
ਬੱਚੇ ਨੇ ਫੁਰਦੀ ਦਿਖਾਉਂਦੇ ਹੋਏ ਬਾਈਕ ਨੂੰ ਫੜ ਲਿਆ, ਪਰ ਦੋਸ਼ੀ ਪੁਲਿਸ ਵਾਲੇ ਇੰਨੇ ਪੱਥਰ ਨਿਕਲੇ ਕਿ ਬੱਚੇ ਨੂੰ ਬਾਈਕ ਦੇ ਨਾਲ ਘਸੀਟ ਕੇ ਲੈ ਗਏ। ਸੱਟ ਲੱਗਣ ਕਾਰਨ ਬੱਚੇ ਦਾ ਕੁਝ ਦੂਰ ਜਾ ਕੇ ਹੱਥ ਛੁੱਟ ਗਿਆ। ਬੱਚੇ ਦੀ ਹਾਲਤ ਨੂੰ ਵੇਖਦਿਆਂ ਕੁਝ ਨੌਜਵਾਨਾਂ ਨੇ ਬਾਈਕ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੋ ਕਿਲੋਮੀਟਰ ਅੱਗੇ ਜਾ ਕੇ ਮੁਲਜ਼ਮ ਨੂੰ ਫੜ ਲਿਆ ਅਤੇ ਚੰਗਾ ਕੁਟਾਪਾ ਚਾੜ੍ਹਿਆ।
ਮੁਲਜ਼ਮਾਂ ਦੀ ਪਛਾਣ ਕਪੂਰਥਲਾ ਪੁਲਿਸ ਲਾਇਨ ਵਿੱਚ ਤਾਇਨਾਤ ਗੁਲਸ਼ੇਰ ਸਿੰਘ ਸ਼ੇਰਾ ਵਾਸੀ ਵਡਾਲੀ ਡੋਗਰਾ, ਹਰਜਿੰਦਰ ਸਿੰਘ ਵਾਸੀ ਫੇਰੂਮਾਨ ਅਤੇ ਦਰਸ਼ਨ ਸਿੰਘ ਵਾਸੀ ਤਿੰਮੋਵਾਲ ਵਜੋਂ ਹੋਈ ਹੈ। ਬੱਚੇ ਦਾ ਨਾਮ ਗੁਰਪ੍ਰੀਤ ਸਿੰਘ ਹੈ। ਉਸਦੀ ਮਾਂ ਬਾਬਾ ਬਾਕਾਲਾ ਸਾਹਿਬ ਵਿਖੇ ਬਾਜ਼ਾਰ ਵਿੱਚ ਫੜੀ ਲਗਾ ਕੇ ਸਾਮਾਨ ਵੇਚਦੀ ਸੀ। ਸ਼ੁੱਕਰਵਾਰ ਦੁਪਹਿਰ ਉਹ ਰੋਟੀ ਬਣਾਉਣ ਲਈ ਘਰ ਗਈ ਤਾਂ ਗੁਰਪ੍ਰੀਤ ਗੱਦੀ ‘ਤੇ ਬੈਠ ਗਿਆ।
ਇਸ ਦੌਰਾਨ ਗੁਰਪ੍ਰੀਤ ਆਪਣੇ ਮੋਬਾਈਲ ‘ਤੇ ਗੇਮ ਖੇਡ ਰਿਹਾ ਸੀ। ਉਦੋਂ ਇੱਕ ਦੋਸ਼ੀ ਉਸ ਕੋਲ ਆਇਆ ਅਤੇ ਰੁਮਾਲ ਖਰੀਦਣ ਲੱਗਾ। ਪਰ ਜਦੋਂ ਉਸਨੇ ਵੇਖਿਆ ਕਿ ਗੁਰਪ੍ਰੀਤ ਗੇਮ ਖੇਡਣ ਵਿਚ ਰੁੱਝਿਆ ਹੋਇਆ ਸੀ, ਤਾਂ ਦੋਸ਼ੀ ਉਸਦਾ ਮੋਬਾਈਲ ਖੋਹ ਕੇ ਬਾਈਕ ਤੇ ਭੱਜ ਗਿਆ, ਜਿਸਨੂੰ ਕਾਂਸਟੇਬਲ ਗੁਲਸ਼ੇਰ ਚਲਾ ਰਿਹਾ ਸੀ। ਪਰ ਗੁਰਪ੍ਰੀਤ ਨੇ ਫੁਰਤੀ ਦਿਖਾਈ ਅਤੇ ਬਾਈਕ ਨਾਲ ਲਟਕ ਦਿੱਤਾ। ਉਹ 50 ਮੀਟਰ ਤਕ ਬਾਈਕ ਨਾਲ ਲਟਕਿਆ ਰਿਹਾ।
ਇਹ ਵੀ ਪੜ੍ਹੋ : ਸਿੱਧੂ ਦੀ ਤਾਜਪੋਸ਼ੀ ਤੋਂ ਬਾਅਦ ਵੱਡਾ ਹੰਗਾਮਾ- ਕਾਂਗਰਸ ਭਵਨ ਦੀ ਛੱਤ ‘ਤੇ ਚੜ੍ਹੇ ਕੱਚੇ ਅਧਿਆਪਕ, ਪੁਲਿਸ ਨੇ ਲਏ ਹਿਰਾਸਤ ‘ਚ
ਗੁਰਪ੍ਰੀਤ ਨੂੰ ਲਟਕੇ ਦੇਖ ਕੁਝ ਬਾਈਕ ਸਵਾਰਾਂ ਨੇ ਤਿੰਨਾਂ ਦੋਸ਼ੀਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਦੋ ਕਿਲੋਮੀਟਰ ਤੱਕ ਉਨ੍ਹਾਂ ਦਾ ਪਿੱਛਾ ਕਰਨ ਤੋਂ ਬਾਅਦ ਨੌਜਵਾਨਾਂ ਨੇ ਜੀਟੀ ਰੋਡ ਬਾਬਾ ਬਕਾਲਾ ਸਾਹਿਬ ਮੋਰ ਵਿਖੇ ਮੁਲਜ਼ਮਾਂ ਨੂੰ ਫੜ ਲਿਆ ਅਤੇ ਕੁਟਾਪਾ ਚਾੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ। ਪਰ ਹਰ ਕੋਈ ਹੈਰਾਨ ਸੀ ਕਿ ਵਰਦੀ ਵਾਲਾ ਅਜਿਹੀ ਹਰਕਤ ਕਰ ਰਿਹਾ ਹੈ। ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।