ਤਹਿਸੀਲ ਪਾਇਲ ਦੇ ਅਧੀਨ ਪੈਂਦੇ ਰਾੜਾ ਸਾਹਿਬ ਦੇ ਨੇੜਲੇ ਪਿੰਡ ਜੀਰਖ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਲਗਪਗ ਇੱਕ ਪੱਚੀ ਸਾਲਾ ਨੌਜਵਾਨ ਦੀ ਲਾਸ਼ ਇਕ ਦਰੱਖ਼ਤ ਨਾਲ ਲਟਕਦੀ ਮਿਲੀ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਵੇਖਿਆ ਗਿਆ। ਡੇਲੀ ਪੋਸਟ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਬਜ਼ੁਰਗ ਤਾਰਾ ਸਿੰਘ ਨੇ ਦੱਸਿਆ ਇਹ ਜਸਪ੍ਰੀਤ ਨਾਂ ਦਾ ਨੌਜਵਾਨ ਰਿਸ਼ਤੇ ਵਿੱਚ ਉਸਦਾ ਦੋਹਤਾ ਲੱਗਦਾ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਉਸਦੇ ਪਿੰਡ ਜੀਰਖ ਰਹਿ ਰਿਹਾ ਸੀ।
ਉਸ ਨੇ ਦੱਸਿਆ ਅੱਜ ਜਿਵੇਂ ਹੀ ਆਪਣਾ ਬੈਗ ਚੁੱਕ ਕੇ ਆਪਣੇ ਪਿੰਡ ਗੋਪਾਲਪੁਰ ਨੇੜੇ ਡੇਹਲੋਂ ਵਿਖੇ ਜਾਣ ਨੂੰ ਘਰੋਂ ਆਪਣਾ ਬੈਗ ਲੈ ਕੇ ਤੁਰਿਆ ਤਾਂ ਘੰਟੇ ਬਾਅਦ ਹੀ ਉਨ੍ਹਾਂ ਦੇ ਘਰ ਸੁਨੇਹਾ ਗਿਆ ਕਿ ਉਨ੍ਹਾਂ ਦਾ ਮੁੰਡਾ ਦਰਖਤ ਨਾਲ ਲਮਕ ਰਿਹਾ ਹੈ। ਤਾਰਾ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਨੌਜਵਾਨ ਨਸ਼ਾ ਤਾਂ ਨਹੀਂ ਕਰਦਾ ਸੀ ਤਾਂ ਉਸ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ। ਇੰਚਾਰਜ ਪੁਲੀਸ ਚੌਕੀ ਸਿਆੜ੍ਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨੌਜਵਾਨ ਜਿਸ ਦੀ ਉਮਰ ਕਰੀਬ ਪੱਚੀ ਸਾਲ ਹੈ। ਨਾਨਕੇ ਪਿੰਡ ਜੀਰਖ ਵੇਖੀਂ ਘਰਦਿਆਂ ਨੂੰ ਇਹ ਕਹਿ ਕੇ ਗਿਆ ਕਿ ਉਹ ਆਪਣੇ ਪਿੰਡ ਗੋਪਾਲਪੁਰ ਜਾ ਰਿਹਾ ਹੈ। ਪਰ ਇਸ ਨੇ ਜੀਰਖ ਤੋਂ ਕੁਝ ਦੂਰ ਹੀ ਦਰੱਖ਼ਤ ਨਾਲ ਰੱਸੀ ਗਲ ਵਿੱਚ ਪਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪੁਲਿਸ ਚੌਂਕੀ ਇੰਚਾਰਜ ਸਿਆੜ ਮੁਤਾਬਕ ਮੁੱਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਾ ਹੈ ਕਿ ਇਹ ਨੌਜਵਾਨ ਨਸ਼ਾ ਕਰਦਾ ਸੀ ਅਤੇ ਇਸ ਦਾ ਇਕ ਭਰਾ ਪਹਿਲਾਂ ਵੀ ਦੋ ਕੁ ਸਾਲ ਪਹਿਲਾਂ ਨਸ਼ੇ ਦੀ ਹਾਲਤ ਵਿੱਚ ਇਸੇ ਤਰ੍ਹਾਂ ਆਤਮ ਹੱਤਿਆ ਕਰ ਚੁੱਕਿਆ ਹੈ।