ਚੰਡੀਗੜ੍ਹ/ਫਿਰੋਜ਼ਪੁਰ : ਫਾਜ਼ਿਲਕਾ ਜ਼ਿਲ੍ਹੇ ਦੀ ਭਾਰਤ-ਪਾਕਿ ਸਰਹੱਦ ‘ਤੇ ਸਰਹੱਦ ‘ਤੇ ਕੰਡਿਆਲੀ ਤਾਰ ਤੋਂ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ 42 ਕਰੋੜ ਰੁਪਏ ਤੋਂ ਵੱਧ ਕੀਮਤ ਦੇ 8.5 ਕਿਲੋਗ੍ਰਾਮ ਹੈਰੋਇਨ ਦੇ 8 ਪੈਕੇਟ ਬਰਾਮਦ ਕੀਤੇ। ਇਸ ਦੇ ਤਾਰ ਜਲਾਲਾਬਾਦ ਬਲਾਸਟ ਨਾਲ ਜੁੜਦੇ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਬੀਤੇ ਦਿਨ ਮੋਟਰ ਸਾਇਕਲ ਦੇ ਤੇਲ ਟੈਂਕਰ ਵਿੱਚ ਹੋਏ ਜਬਰਦਸਤ ਧਮਾਕੇ ਨਾਲ ਮੋਟਰਸਾਇਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮੋਟਰ ਸਾਈਕਲ ਦੇ ਤੇਲ ਟੈਂਕਰ ਵਿੱਚ ਧਮਾਕਾ ਹੋਣ ਕਾਰਨ ਅੱਗ ਲੱਗ ਗਈ। ਜਿਸ ਕਾਰਨ ਮੋਟਰ ਸਾਈਕਲ ਟੁਕੜਿਆਂ ਵਿੱਚ ਖਿੰਡ ਗਿਆ। ਜਲਾਲਾਬਾਦ ਵਿੱਚ ਇਸ ਧਮਾਕੇ ਵਿੱਚ ਮਾਰੇ ਗਏ ਬਲਵਿੰਦਰ ਸਿੰਘ ਨਾਂ ਦੇ ਮੁੰਡੇ ਦੇ ਪਿਤਾ ਜਸਵੰਤ ਸਿੰਘ ਛਿੰਦਾ ਬਾਬਾ ਦਾ ਨਾਂ ਇਸ ਡਰੱਗਸ ਮਾਮਲੇ ਵਿੱਚ ਸ਼ਾਮਲ ਹਨ।
ਦੂਜੇ ਪਾਸੇ ਅੱਜ ਖੇਪ ਦੀ ਬਰਾਮਦਗੀ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਦਿਨਕਰ ਗੁਪਤਾ ਨੇ ਦੱਸਿਆ ਕਿ ਇਹ ਬਰਾਮਦਗੀ ਫਾਜ਼ਿਲਕਾ ਦੇ ਪਿੰਡ ਮਹਾਲਮ ਦੇ ਵਸਨੀਕ ਜਸਵੀਰ ਸਿੰਘ ਉਰਫ ਗੱਗੂ ਦੇ ਖੁਲਾਸੇ ‘ਤੇ ਕੀਤੀ ਗਈ ਸੀ, ਜਿਸਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।
ਜ਼ਿਕਰਯੋਗ ਹੈ ਕਿ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਪੰਜਾਬ ਪੁਲਿਸ ਸਿਰਫ ਪਿਛਲੇ 100 ਦਿਨਾਂ ਦੌਰਾਨ 232 ਕਿਲੋ ਹੈਰੋਇਨ ਬਰਾਮਦ ਕਰਨ ਵਿੱਚ ਕਾਮਯਾਬ ਰਹੀ ਹੈ।
ਡੀਜੀਪੀ ਨੇ ਕਿਹਾ ਕਿ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਭਾਰਤ-ਪਾਕਿ ਸਰਹੱਦ ਦੇ ਨੇੜੇ ਰਹਿੰਦੇ ਕੁਝ ਲੋਕਾਂ ਦੇ ਅੰਤਰਰਾਸ਼ਟਰੀ ਸਰਹੱਦ ਰਾਹੀਂ ਪਾਕਿਸਤਾਨ ਤੋਂ ਭਾਰਤ ਵਿੱਚ ਹਥਿਆਰ/ਵਿਸਫੋਟਕ/ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ, ਐਸਐਸਪੀ ਫਿਰੋਜ਼ਪੁਰ ਰਾਜਪਾਲ ਸਿੰਘ ਨੇ ਗੁਪਤ ਸੂਚਨਾ ਮਿਲਣ ‘ਤੇ ਤੁਰੰਤ ਜਸਵੀਰ ਸਿੰਘ ਵਿਰੁੱਧ ਐਫਆਈਆਰ ਦਰਜ ਕੀਤੀ। ਉਸ ਨੂੰ ਗ੍ਰਿਫਤਾਰ ਕਰਨ ਲਈ ਵੱਡੀ ਪੱਧਰ ‘ਤੇ ਛਾਪੇਮਾਰੀ ਕੀਤੀ ਗਈ।
ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਪੁਲਿਸ ਸ਼ੁੱਕਰਵਾਰ ਸਵੇਰੇ ਜਸਵੀਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬ ਹੋਈ, ਜਾਂਚ ਦੌਰਾਨ ਦੋਸ਼ੀ ਨੇ ਖੁਲਾਸਾ ਕੀਤਾ ਕਿ ਉਸਨੇ ਆਪਣੇ ਸਾਥੀਆਂ ਦੇ ਨਾਲ ਅੰਤਰਰਾਸ਼ਟਰੀ ਸਰਹੱਦ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਦੀ ਇੱਕ ਖੇਪ ਦਾ ਪ੍ਰਬੰਧ ਕੀਤਾ ਸੀ, ਜੋ ਕਿ ਸਰਹੱ ਦੀ ਵਾੜ ਤੋਂ 15 ਮੀਟਰ ਦੂਰ ਲੁਕੋਈ ਹੋਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਬੀਐਸਐਫ ਨਾਲ ਮਿਲ ਕੇ ਜਸਵੀਰ ਦੁਆਰਾ ਦੱਸੇ ਗਏ ਸਥਾਨ ਦੇ ਦੁਆਲੇ ਤਲਾਸ਼ੀ ਮੁਹਿੰਮ ਚਲਾਈ ਅਤੇ ਹੈਰੋਇਨ ਦੀ ਖੇਪ ਬਰਾਮਦ ਕੀਤੀ।
ਇਹ ਵੀ ਪੜ੍ਹੋ : ਵੋਕੇਸ਼ਨਲ ਅਧਿਆਪਕਾਂ ਨੇ ਬੋਲਿਆ ਕੈਪਟਨ ਦੇ ਮੋਤੀ ਮਹਿਲ ਮੂਹਰੇ ਧਾਵਾ, ਤੋੜੇ ਬੈਰੀਕੇਡ, ਪੁਲਿਸ ਨਾਲ ਹੋਈ ਝੜਪ
ਇਸ ਦੌਰਾਨ ਐਫਆਈਆਰ ਨੰਬਰ 152 ਮਿਤੀ 16-09-2021 ਐਨਡੀਪੀਐਸ ਐਕਟ ਦੀ ਧਾਰਾ 18/21/23/29 ਅਤੇ ਆਰਮਜ਼ ਐਕਟ ਦੀ ਧਾਰਾ 25 ਅਧੀਨ ਥਾਣਾ ਸਦਰ ਫਿਰੋਜ਼ਪੁਰ ਵਿਖੇ ਦਰਜ ਕੀਤੀ ਗਈ ਹੈ।