ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਰੋਜ਼ ਕਿਸਾਨੀ ਸੰਘਰਸ਼ ਨੂੰ ਅਣਗੌਲਿਆ ਕਰਨ ਦੇ ਰੋਸ ਵਜੋਂ ਭਾਵਕ ਹੋ ਕਿ ਸਥਾਨਕ ਘੁਲਾਲ ਟੋਲ ਪਲਾਜ਼ੇ ‘ਤੇ ਬੀਤੀ ਰਾਤ ਇਕ ਕਿਸਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਥੋਂ ਨਜ਼ਦੀਕ ਪਿੰਡ ਰੋਹਲੇ ਤੇ 65 ਸਾਲਾ ਕਿਸਾਨ ਤਾਰਾ ਸਿੰਘ ਜੋ ਕਰੀਬ ਪਿਛਲੇ ਇਕ ਸਾਲ ਤੋਂ ਕਿਸਾਨ ਸੰਘਰਸ਼ ਆਰੰਭ ਹੋਣ ਦੇ ਦਿਨਾਂ ਤੋਂ ਹੀ ਘੁਲਾਲ ਟੋਲ ਪਲਾਜਾਂ ਤੇ ਲਗਾਤਾਰ ਧਰਨੇ ਵਿਚ ਸ਼ਮੂਲੀਅਤ ਕਰਦਾ ਆ ਰਿਹਾ ਹੈ। ਇਸ ਦੀ ਪਤਨੀ ਵੀ ਪਿਛਲੇ 10 ਮਹੀਨਿਆਂ ਤੋਂ ਟਿੱਕਰੀ ਬਾਰਡਰ ਤੇ ਕਿਸਾਨ ਸੰਘਰਸ਼ ਵਿਚ ਲੰਗਰ ਦੀ ਸੇਵਾ ਨਿਭਾ ਰਹੀ ਹੈ।
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਮ੍ਰਿਤਕ ਤਾਰਾ ਸਿੰਘ ਹਮੇਸ਼ਾ ਹੀ ਕੇਂਦਰ ਸਰਕਾਰ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਕੀਤੀ ਜਾ ਰਹੀ ਅਣਦੇਖੀ ਕਾਰਨ ਚਿੰਤਾ ਵਿੱਚ ਰਹਿੰਦਾ ਸੀ। ਜਿਸ ਕਾਰਨ ਬੀਤੀ ਰਾਤ ਉਸ ਨੇ ਟੌਲ ਪਲਾਜ਼ਾ ਦੇ ਪਾਈਪ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਉਸ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਵਿਚ ਰੱਖਿਆ ਗਿਆ ਹੈ। ਅੱਜ ਦੇਸ਼ ਭਰ ਵਿੱਚ ਚੱਕਾ ਜਾਮ ਹੋਣ ਕਾਰਨ ਉਸ ਦੀ ਪਤਨੀ ਨੂੰ ਟਿੱਕਰੀ ਬਾਰਡਰ ਤੋਂ ਵਾਪਸ ਆਉਣ ਚ ਮੁਸ਼ਕਲ ਹੋਣ ਕਾਰਨ ਤਾਰਾ ਸਿੰਘ ਦਾ ਸੰਸਕਾਰ ਕੱਲ੍ਹ ਕੀਤਾ ਜਾਵੇਗਾ।