ਚੰਡੀਗੜ੍ਹ : ਯੂਥ ਅਕਾਲੀ ਦਲ ਅਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਵੱਲੋਂ ਲਖੀਮਪੁਰ ਖੇੜੀ ਵਿਖੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਕਿਸਾਨਾਂ ਨੂੰ ਆਪਣੀ ਗੱਡੀ ਥੱਲੇ ਕੁਚਲ ਕੇ ਮਾਰਨ ਵਿਰੁੱਧ ਵਿਚ ਕੈਂਡਲ ਮਾਰਚ ਕੱਢਿਆ ਗਿਆ।
ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਬੁਲਾਰੇ ਅਤੇ ਫਤਿਹਗੜ੍ਹ ਸਾਹਿਬ ਇਕਾਈ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੇ ਐਸ ਓ ਆਈ ਦੇ ਪ੍ਰਧਾਨ ਰੋਬਿਨ ਬਰਾੜ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਨਾਗਰਿਕਾਂ ਦੇ ਲੋਕਤੰਤਰੀ ਅਧਿਕਾਰਾਂ ਦੀ ਪਰਵਾਹ ਕੀਤੇ ਬਗੈਰ ਧੱਕੇ ਨਾਲ ਆਪਣਾ ਏਜੰਡਾ ਲਾਗੂ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕਿਸਾਨ ਜੋ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਲਖੀਮਪੁਰ ਖੇੜੀ ਵਿਖੇ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਸਨ, ਨੂੰ ਭਾਜਪਾ ਆਗੂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੀਆਂ ਗੱਡੀਆਂ ਹੇਠਾਂ ਕੁਚਲ ਦਿੱਤਾ।
ਯੂਥ ਅਕਾਲੀ ਦਲ ਤੇ ਐਸ ਓ ਆਈ ਦੇ ਆਗੂਆਂ ਨੇ ਕਿਹਾ ਕਿ ਇਸ ਘਟਨਾ ਨੇ ਵਿਦਵਾਨਾਂ ਦੀ ਉਸ ਸੋਚ ਨੁੰ ਦ੍ਰਿੜ੍ਹ ਕੀਤਾ ਹੈ ਕਿ ਕੇਂਦਰ ਸਰਕਾਰ ਤੇ ਭਾਜਪਾ ਦੀਆਂ ਰਾਜ ਸਰਕਾਰਾਂ ਆਪਣਾ ਏਜੰਡਾ ਲਾਗੂ ਕਰਨਾ ਚਾਹੁੰਦੀਆਂ ਹਨ ਤੇ ਉਹ ਕਿਸਾਨਾਂ ਦੇ ਸ਼ਾਂਤੀਪੂਰਨ ਅੰਦੋਲਨ ਨੁੰ ਕੁਚਲਣ ਵਾਸਤੇ ਤਿਆਰ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਤੇ ਜਿਵੇਂ ਬੀਤੇ ਸਮੇਂ ਦੌਰਾਨ ਇਹ ਪਰਖ ਦੀ ਘੜੀ ਵਿਚ ਕਿਸਾਨਾਂ ਨਾਲ ਖੜਿ੍ਹਆ, ਉਵੇਂ ਹੀ ਹਰ ਵੇਲੇ ਖੜ੍ਹਾ ਰਹੇਗਾ। ਉਨ੍ਹਾਂ ਕਿਹਾ ਕਿ ਨਾ ਤਾਂ ਭਾਜਪਾ ਨਾ ਹੀ ਕਿਸੇ ਹੋਰ ਨੂੰ ਕਿਸਾਨਾਂ ਨੁੰ ਕੁਚਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਨ੍ਹਾਂ ਯੂਥ ਅਕਾਲੀ ਦਲ ਤੇ ਐਸ ਓ ਆਈ ਕਾਰਕੁੰਨਾਂ ਨੇ ਬਾਅਦ ‘ਚ ਪੰਜਾਬ ਦੇ ਰਾਜਪਾਲ ਦੀ ਸਰਕਾਰੀ ਰਿਹਾਇਸ਼ ਰਾਜ ਭਵਨ ਤੱਕ ਰੋਸ ਮਾਰਚ ਕੀਤਾ ਤੇ ਉਥੇ ਦੇਰ ਰਾਤ ਤੱਕ ਧਰਨਾ ਦਿੱਤਾ।
ਦੇਖੋ ਵੀਡੀਓ : Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਵੱਲੋਂ ਲਖੀਮਪੁਰ ਖੀਰੀ ਹਾਦਸੇ ‘ਚ ਜਾਨ ਗੁਆ ਚੁੱਕੇ ਕਿਸਾਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ