ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਘੋਸ਼ਿਤ ਕਰ ਦਿੱਤੀ ਗਈ ਹੈ। ਇਸ ਵਿੱਚ ਪੰਜਾਬ ਨਾਲ ਜੁੜੇ ਦੋ ਕੇਂਦਰੀ ਮੰਤਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕੇਂਦਰੀ ਮੰਤਰੀ ਹਰਦੀਪ ਪੁਰੀ ਸੋਮ ਪ੍ਰਕਾਸ਼ ਨੂੰ ਰਾਸ਼ਟਰੀ ਕਾਰਜਕਾਰਨੀ ਵਿੱਚ ਲਿਆ ਗਿਆ ਹੈ। ਹਰਦੀਪ ਪੁਰੀ ਨੂੰ ਭਾਜਪਾ ਦੇ ਉੱਚੇ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਪੁਰੀ 2014 ਵਿੱਚ ਬਣੀ ਮੋਦੀ ਸਰਕਾਰ ਵਿੱਚ ਮੰਤਰੀ ਵੀ ਸਨ ਅਤੇ ਅਜੇ ਵੀ ਮੰਤਰੀ ਹਨ। ਪੁਰੀ ਮੋਦੀ ਮੰਤਰੀ ਮੰਡਲ ਵਿੱਚ ਸਿੱਖ ਚਿਹਰਾ ਹਨ।
ਹਰਦੀਪ ਪੁਰੀ ਨੇ ਪਿਛਲੀ ਲੋਕ ਸਭਾ ਚੋਣ ਅੰਮ੍ਰਿਤਸਰ ਤੋਂ ਲੜੀ ਸੀ, ਪਰ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਮੋਦੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ। ਭਾਰਤੀ ਵਿਦੇਸ਼ ਸੇਵਾ ਦੇ 1974 ਬੈਚ ਦੇ ਅਧਿਕਾਰੀ ਹਰਦੀਪ ਪੁਰੀ ਯੂਪੀ ਤੋਂ ਰਾਜ ਸਭਾ ਦੇ ਮੈਂਬਰ ਹਨ। ਹਰਦੀਪ ਪੁਰੀ ਦੇ ਦਾਦਾ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਚਸ਼ਮਦੀਦ ਗਵਾਹ ਰਹੇ ਹਨ। ਉਹ ਵੀ ਉਸ ਸਮੇਂ ਉੱਥੇ ਫਸ ਗਏ ਸੀ। ਹਰਦੀਪ ਪੁਰੀ ਨੇ ਇਸ ਦਾ ਜ਼ਿਕਰ ਜਲ੍ਹਿਆਂਵਾਲਾ ਬਾਗ ਦੀ ਵਿਜ਼ਟਰ ਬੁੱਕ ਵਿੱਚ ਕੀਤਾ ਸੀ। ਹਰਦੀਪ ਪੁਰੀ ਨੂੰ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਵਿੱਚ ਮਾਹਰ ਮੰਨਿਆ ਜਾਂਦਾ ਹੈ।
ਹਰਦੀਪ ਪੁਰੀ ਨਿਊਯਾਰਕ ਵਿੱਚ ਇੰਟਰਨੈਸ਼ਨਲ ਪੀਸ ਇੰਸਟੀਚਿਊਟ ਦੇ ਉਪ ਪ੍ਰਧਾਨ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਇੰਨਾ ਹੀ ਨਹੀਂ, ਹਰਦੀਪ ਪੁਰੀ ਸੰਯੁਕਤ ਰਾਸ਼ਟਰ ਦੀ ਅੱਤਵਾਦ ਵਿਰੋਧੀ ਕਮੇਟੀ ਦੇ ਚੇਅਰਮੈਨ ਦੇ ਅਹੁਦੇ ‘ਤੇ ਵੀ ਰਹੇ ਹਨ। ਇਸ ਤੋਂ ਇਲਾਵਾ, ਪੁਰੀ ਬ੍ਰਿਟੇਨ ਅਤੇ ਬ੍ਰਾਜ਼ੀਲ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਹਨ। ਇਸ ਦੇ ਨਾਲ ਹੀ ਸੋਮ ਪ੍ਰਕਾਸ਼ ਹੁਸ਼ਿਆਪੁਰ ਤੋਂ ਭਾਜਪਾ ਸੰਸਦ ਮੈਂਬਰ ਹਨ। ਉਨ੍ਹਾਂ ਨੂੰ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਵਿਜੇ ਸਾਂਪਲਾ ਦੀ ਥਾਂ ਟਿਕਟ ਦਿੱਤੀ ਗਈ ਸੀ, ਜਿਸ ਵਿੱਚ ਉਹ ਜਿੱਤ ਗਏ ਸਨ। ਇਸ ਸੀਟ ‘ਤੇ ਸੋਮ ਪ੍ਰਕਾਸ਼ ਨੇ ਕਾਂਗਰਸ ਉਮੀਦਵਾਰ ਡਾ: ਰਾਜ ਕੁਮਾਰ ਚੱਬੇਵਾਲ ਨੂੰ ਸਖਤ ਮੁਕਾਬਲੇ ‘ਚ ਹਰਾਇਆ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਅਕਾਲੀ ਦਲ ਨਾਲ ਗਠਜੋੜ ਸੀ। ਹੋਸ਼ਿਆਪੁਰ ਤੋਂ ਜਿੱਤ ਤੋਂ ਬਾਅਦ ਪਾਰਟੀ ਨੇ ਸੋਮਪ੍ਰਕਾਸ਼ ਨੂੰ ਕੇਂਦਰ ਵਿੱਚ ਮੰਤਰੀ ਬਣਾਇਆ ਅਤੇ ਹੁਣ ਉਸਨੂੰ ਰਾਸ਼ਟਰੀ ਕਾਰਜਕਾਰਨੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸੋਮਪ੍ਰਕਾਸ਼ ਪੰਜਾਬ ਵਿੱਚ ਭਾਜਪਾ ਦਾ ਮੁੱਖ ਐੱਸ.ਸੀ. ਚਿਹਰਾ ਹੈ। ਕਾਰਜਕਾਰਨੀ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ।