ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿਚ ਆਪਣੀਆਂ ਅਸਫਲਤਾਵਾਂ ਤੋਂ ਧਿਆਨ ਪਾਸੇ ਕਰਨ ਲਈ ਖੇਡੇ ਗਏ ਐਸਸੀ ਮੁੱਖ ਮੰਤਰੀ ਦਾ ਪੱਤਾ ਮੂਧੇ ਮੂੰਹ ਡਿੱਗਾ ਹੈ ਕਿਉਂਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਐਸਸੀ ਮੁੱਖ ਮੰਤਰੀ ਪਾਰਟੀ ਲਈ ਚੰਗੀ ਕਾਰਗੁਜ਼ਾਰੀ ਨਹੀਂ ਵਿਖਾ ਸਕਦਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪ੍ਰਦੇਸ ਕਾਂਗਰਸ ਪ੍ਰਧਾਨ ਨੇ ਦਰਸਾ ਦਿੱਤਾ ਹੈ ਕਿ ਉਹ ਐਸਸੀ ਭਾਈਚਾਰੇ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਿੰਨ ਕੁ ਸਨਮਾਨ ਕਰਦੇ ਹਨ ਕਿਉਂਕਿ ਉਹ ਲਖੀਮਪੁਰ ਖੀਰੀ ਮਾਮਲੇ ਵਿਚ ਪਾਰਟੀ ਦਾ ਰੋਸ ਮਾਰਚ ਸ਼ੁਰੂ ਕਰਨ ਲਈ ਮੁੱਖ ਮੰਤਰੀ ਦੀ ਦੋ ਮਿੰਟ ਉਡੀਕ ਵੀ ਨਹੀਂ ਕਰ ਸਕੇ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਦਰਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਐਸਸੀ ਵਰਗ ਤੋਂ ਮੁੱਖ ਮੰਤਰੀ ਬਣਾਏ ਜਾਣ ਤੋਂ ਕਿੰਨੀ ਈਰਖਾ ਹੋ ਰਹੀ ਹੈ ਅਤੇ ਉਨ੍ਹਾਂ ਆਪ ਕਿਹਾ ਹੈ ਕਿ ਕੁਝ ਵੀ ਸਹੀ ਨਹੀਂ ਹੈ ਜੇਕਰ ਭਗਵੰਤ ਸਿੰਘ ਸਿੱਧੂ ਦੇ ਪੁੱਤਰ ਯਾਨੀ ਨਵਜੋਤ ਸਿੱਧੂ ਨੁੰ ਮੁੱਖ ਮੰਤਰੀ ਬਣਾਇਆ ਹੁੰਦਾ ਤਾਂ ਫਿਰ ਸਭ ਸਹੀ ਹੁੰਦਾ। ਸਿੱਧੂ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਡੁੱਬਦਾ ਜਹਾਜ਼ ਹੈ ਤੇ ਮੌਜੂਦਾ ਲੀਡਰਸ਼ਿਪ ਦੀ ਅਗਵਾਈ ਹੇਠ ਪੰਜਾਬ ਵਿਚ ਕਾਂਗਰਸ ਦਾ ਕੋਈ ਭਵਿੱਖ ਨਹੀਂ ਹੈ।
ਅਕਾਲੀ ਆਗੂ ਨੇ ਕਿਹਾ ਕਿ ਸਿੱਧੂ ਦੇ ਕਹਿਣ ਤੋਂ ਸਪੱਸ਼ਟ ਹੋ ਗਿਆ ਹੈ ਕਿ ਉਨ੍ਹਾਂ ਨੂੰ ਕਿਸਾਨਾਂ ਜਾਂ ਉਹਨਾਂ ਦੇ ਮਸਲਿਆਂ ਪ੍ਰਤੀ ਕੋਈ ਪਿਆਰ ਨਹੀਂ ਹੈ ਬਲਕਿ ਉਹ ਤਾਂ ਸਿਰਫ ਸੂਬੇ ਵਿਚ ਸਿਖ਼ਰਲੀ ਕੁਰਸੀ ਹਾਸਲ ਕਰਨ ਵਾਸਤੇ ਸ਼ੈਅ ਮਾਤ ਦੀ ਖੇਡ ਵਿਚ ਰੁੱਝੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਜੋ ਆਪ ਆਪਣੀ ਇਸ ਤਰੀਕੇ ਦੀ ਇੱਛਾ ਪਾਲਦੇ ਹਨ, ਉਹ ਕਿਸੇ ਵੀ ਤਰੀਕੇ ਨਾਲ ਲੋਕਾਂ ਦੀ ਭਲਾਈ ਵਾਸਤੇ ਕੰਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਚੰਨੀ ਦੀ ਖਿਲਾਫਤ ਹਾਲੇ ਵੀ ਜਾਰੀ ਹੈ।
ਇਹ ਵੀ ਵੇਖੋ :
Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe
ਉਨ੍ਹਾਂ ਕਿਹਾ ਕਿ ਸਿੱਧੂ ਹੁਣ ਬਿਲਕੁਲ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹੁਣ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਐਸਸੀ ਵਰਗ ਦਾ ਮੁੱਖ ਮੰਤਰੀ ਬਣਾ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਿਉਂ ਕੀਤਾ ਜਦੋਂ ਕਿ ਉਨ੍ਹਾਂ ਨੂੰ ਉਸ ਨਵਜੋਤ ਸਿੱਧੂ ’ਤੇ ਵਿਸ਼ਵਾਸ ਹੈ ਜੋ ਲਗਾਤਾਰ ਮੁੱਖ ਮੰਤਰੀ ਨੂੰ ਨੀਵਾਂ ਵਿਖਾਉਣ ਦਾ ਯਤਨ ਕਰ ਰਿਹਾ ਹੈ।
ਇਹ ਵੀ ਪੜ੍ਹੋ : CM ਚੰਨੀ ‘ਤੇ ਬੋਲ ਬੁਰੇ ਫਸੇ ਸਿੱਧੂ, ਗਾਲ੍ਹ ਕੱਢ ਕਿਹਾ – ‘2022 ‘ਚ ਕਾਂਗਰਸ ਨੂੰ ਡੋਬ ਦੇਵੇਗਾ, ਵੀਡੀਓ ਵਾਇਰਲ