ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੁੱਧਵਾਰ ਨੂੰ ਵੱਡਾ ਸਿਆਸੀ ਧਮਾਕਾ ਕਰਨ ਜਾ ਰਹੇ ਹਨ। ਖ਼ਬਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਸਿਆਸੀ ਪਾਰਟੀ ‘ਦਿ ਪੰਜਾਬ ਲੋਕ ਕਾਂਗਰਸ’ ਲਾਂਚ ਕਰਨ ਦਾ ਐਲਾਨ ਕਰ ਸਕਦੇ ਹਨ। ਸਾਬਕਾ ਮੁੱਖ ਮੰਤਰੀ ਵੱਲੋਂ ਇਸ ਦਾ ਐਲਾਨ ਚੰਡੀਗੜ੍ਹ ਵਿੱਚ ਕੀਤੀ ਜਾਣ ਵਾਲੀ ਪ੍ਰੈੱਸ ਕਾਨਫਰੰਸ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ।
ਰਾਜਨੀਤਕ ਮਾਹਰਾਂ ਦਾ ਕਹਿਣਾ ਹੈ ਕਿ ਕੈਪਟਨ ਦੇ ਵੱਖ ਹੋਣ ਨਾਲ ਪੰਜਾਬ ਕਾਂਗਰਸ ਨੂੰ ਹੀ ਨੁਕਸਾਨ ਹੋਵੇਗਾ। ਸਾਬਕਾ ਮੁੱਖ ਮੰਤਰੀ ਹਾਲ ਹੀ ਵਿਚ ਇਕ ਚੈਨਲ ਨੂੰ ਇੰਟਰਵਿਊ ਵਿਚ ਇਹ ਦਾਅਵਾ ਕਰ ਚੁੱਕੇ ਹਨ ਕਿ ਉਨ੍ਹਾਂ ਦੇ ਸੰਪਰਕ ਵਿਚ ਕਈ ਵਿਧਾਇਕ ਹਨ। ਹਾਲਾਂਕਿ, ਹੁਣ ਇਹ ਦੇਖਣਾ ਹੋਵੇਗਾ ਕਿ ਕੈਪਟਨ ਧੜੇ ਵਿਚ ਕੌਣ ਸ਼ਾਮਲ ਹੁੰਦਾ ਹੈ।
ਪੰਜਾਬ ਦੇ ਦੋ ਵਾਰ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਲਕੇ 11 ਵਜੇ ਪ੍ਰੈੱਸ ਕਾਨਫਰੰਸ ਕੀਤੀ ਜਾਣੀ ਹੈ। ਇਸ ਵਿਚ ਉਹ ਕਈ ਮੁੱਦਿਆਂ ‘ਤੇ ਬੋਲ ਸਕਦੇ ਹਨ ਕਿਉਂਕਿ ਹਾਲ ਹੀ ਵਿਚ ਅਰੂਸਾ ਆਲਮ ਨੂੰ ਲੈ ਕੇ ਵੀ ਕਈ ਸਵਾਲ ਉੱਠੇ ਹਨ। ਉੱਥੇ ਹੀ, ਕਿਸਾਨਾਂ ਨੂੰ ਲੈ ਕੇ ਵੀ ਬੋਲ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਕਿਸਾਨਾਂ ਦਾ ਮਸਲਾ ਹੱਲ ਕਰਾਉਣਗੇ ਅਤੇ ਜੇਕਰ ਭਾਜਪਾ ਇਸ ਨੂੰ ਹੱਲ ਕਰ ਦਿੰਦੀ ਹੈ ਤਾਂ ਉਹ ਉਸ ਨਾਲ ਗਠਜੋੜ ਵੀ ਕਰ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ 18 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।