ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਮੁਕੇਰੀਆਂ ਦੇ ਦੌਰੇ ਦੌਰਾਨ ਵੱਡੇ ਐਲਾਨ ਕੀਤੇ ਗਏ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਸੁਖਬੀਰ ਬਾਦਲ ਨੇ ਕਿਹਾ ਕਿ ਸਕਾਲਰਸ਼ਿਪ ਸਕੀਮ ਬਾਦਲ ਸਰਕਾਰ ਸਮੇਂ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤਾ। ਪੰਜ ਸਾਲਾ ਤੋਂ ਬੱਚਿਆਂ ਨੂੰ ਸਕਾਲਰਸ਼ਿਪ ਨਹੀਂ ਦਿੱਤੀ ਗਈ।
ਸੁਖਬੀਰ ਨੇ ਇਸ ਦੌਰਾਨ ਐਲਾਨ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਇਕ ਵਾਰ ਮੁੜ ਨੀਲੇ ਕਾਰਡ ਬਣਾਏ ਜਾਣਗੇ ਤੇ ਘਰ ਦੀਆਂ ਮੁਖੀ ਬੀਬੀਆਂ ਦੇ ਖਾਤਿਆਂ ਵਿੱਚ ਹਰ ਮਹੀਨੇ 2 ਹਜ਼ਾਰ ਰੁਪਏ ਭੇਜੇ ਜਾਣਗੇ। ਇਸ ਤਰ੍ਹਾਂ ਸਾਲਾਨਾ 24,000 ਰੁਪਏ ਬੀਬੀਆਂ ਦੇ ਖਾਤਿਆਂ ਵਿੱਚ ਭੇਜੇ ਜਾਣਗੇ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, ਮੋਗਾ ‘ਚ ਸੋਨੂੰ ਸੂਦ ਦੇ ਘਰ ਨਵਜੋਤ ਸਿੱਧੂ ਕਰਨਗੇ ਮੁਲਾਕਾਤ
ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਵਿਧਾਨ ਸਭਾ ਵਿਚ ਜਦੋਂ ਸਵਾਲ ਪੁੱਛਿਆ ਸੀ ਕਿ ਕਾਂਗਰਸ ਦਾ ਰਾਜ ਰਿਹਾ ਹੈ, ਤੁਸੀਂ ਕੋਈ ਇਕ ਕੰਮ ਦੱਸ ਦਿਓ ਜਿਹੜਾ ਕੀਤਾ ਹੋਵੇ ਤਾਂ ਚੰਨੀ ਸਾਬ੍ਹ ਉਹ ਵੀ ਨਹੀਂ ਦੱਸ ਸਕੇ, ਅਖ਼ੀਰ ’ਚ ਚੰਨੀ ਨੇ ਕਿਹਾ ਕਿ ਪੇਚ ਵਰਕ ਕੀਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਸਿਰਫ਼ 5 ਸਾਲ ਜਨਤਾ ਨੂੰ ਲੁੱਟਿਆ ਹੈ। ਪੰਜਾਬ ਵਿਚ ਕਾਨੂੰਨ ਵਿਵਸਥਾ ਵਿਗੜੀ ਪਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ’ਤੇ ਕਾਂਗਰਸੀ ਵਿਧਾਇਕਾਂ ਵੱਲੋਂ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਜਿਹੜੇ ਵਿਕਾਸ ਕਾਰਜਾਂ ਦੇ ਕੰਮ ਕਰਨ ਵਾਲੇ ਹਨ, ਉਹ ਕਰਦੇ ਨਹੀਂ ਪਏ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਤਾਂ ਇਸ ਕਰਕੇ ਮੁੱਖ ਮੰਤਰੀ ਬਣਾਇਆ ਗਿਆ ਹੈ ਕਿ ਸਾਰੇ ਪਾਪ ਹੁਣ ਕੈਪਟਨ ਦੇ ਸਿਰ ’ਤੇ ਸੁੱਟ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਪੰਜ ਸਾਲ ਸਕਾਲਰਸ਼ਿਪ ਬੱਚਿਆਂ ਨੂੰ ਨਹੀਂ ਦਿੱਤੀ ਗਈ। ਮੰਤਰੀ ਧਰਮਸੋਤ ਨੇ ਜਦੋਂ ਸਕਾਲਰਸ਼ਿਪ ਨੂੰ ਲੈ ਕੇ ਘਪਲਾ ਕੀਤਾ ਸੀ ਤਾਂ ਚੰਨੀ ਮੰਤਰੀ ਰਹਿੰਦੇ ਹੋਏ ਵੀ ਕੁਝ ਨਹੀਂ ਬੋਲਿਆ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ‘ਤੇ ਨੌਕਰੀਆਂ ਵਿੱਚ 50 ਫੀਸਦੀ ਸੀਟਾਂ ਕੁੜੀਆਂ ਲਈ ਰਿਜ਼ਰਵ ਕੀਤੀਆਂ ਜਾਣਗੀਆਂ ਅਤੇ ਘੱਟ-ਘੱਟ 10 ਹਜ਼ਾਰ ਨੌਕਰੀਆਂ ਪੰਜਾਬ ਪੁਲਿਸ ਵਿਚ ਕੱਢੀਆਂ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -: