ਸਮਰਾਲਾ ਇਲਾਕੇ ਦੇ ਸੈਂਕੜੇ ਮਾਪਿਆਂ ਨੇ ਇੱਕ ਮਹਿੰਗੇ ਕਾਨਵੈਂਟ ਸਕੂਲ ਖ਼ਿਲਾਫ਼ ਫ਼ੀਸਾਂ ਨੂੰ ਲੈ ਕੇ ਕੀਤੀ ਜਾ ਰਹੀ ਧੱਕੇਸ਼ਾਹੀ ਕਾਰਨ ਸ਼ਨੀਵਾਰ ਸਵੇਰ ਤੋਂ ਹੀ ਸਕੂਲ ਅੱਗੇ ਧਰਨਾ ਦੇ ਦਿੱਤਾ। ਮਾਪਿਆਂ ਨੇ ਖੰਨਾ-ਨਵਾਂਸ਼ਹਿਰ ਹਾਈਵੇਅ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਹੈ। 3 ਘੰਟੇ ਤੋਂ ਜਾਰੀ ਇਸ ਜਾਮ ਕਾਰਨ ਸੜਕ ਦੇ ਦੋਵੇਂ ਪਾਸੇ ਸੈਂਕੜੇ ਵਾਹਨ ਭਾਰੀ ਜਾਮ ਵਿੱਚ ਫਸ ਗਏ ਹਨ। ਮਾਪਿਆਂ ਵੱਲੋਂ ਸਕੂਲ ਪ੍ਰਬੰਧਕਾਂ ਖ਼ਿਲਾਫ਼ ਫ਼ੀਸਾਂ ਦੇ ਨਾਂ ’ਤੇ ਕਥਿਤ ਤੌਰ ’ਤੇ ਲੁੱਟ ਕੀਤੇ ਜਾਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਮਾਪਿਆਂ ਨੇ ਦੋਸ਼ ਲਗਾਇਆ ਕਿ ਕੋਰੋਨਾ ਲਾਕਡਾਊਨ ਸਮੇਂ ਫ਼ੀਸਾਂ ਨੂੰ ਲੈ ਕੇ ਤਿੰਨ ਮਹੀਨੇ ਇਸ ਸਕੂਲ ਖ਼ਿਲਾਫ਼ ਸੰਘਰਸ਼ ਕੀਤਾ ਗਿਆ ਸੀ ਅਤੇ ਉਸ ਵੇਲੇ ਡੀ. ਓ. ਐਜੂਕੇਸ਼ਨ ਨੂੰ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਬਣੀ ਕਮੇਟੀ ਵਿੱਚ ਫ਼ੀਸਾਂ ਨੂੰ ਲੈ ਤੈਅ ਹੋਈ ਫ਼ੀਸ ਅਦਾ ਕਰਨ ਤੋਂ ਬਾਅਦ ਅਚਾਨਕ ਸਕੂਲ ਮੈਨਜਮੈਂਟ ਨੇ ਪਿਛਲੀਆਂ ਪੂਰੀਆਂ ਫ਼ੀਸਾਂ ਲੈਣ ਦਾ ਫੁਰਮਾਨ ਸੁਣਾ ਦਿੱਤਾ। ਉਨ੍ਹਾਂ ਦੇ ਬੱਚਿਆਂ ਦੇ ਰਿਪੋਰਟ ਕਾਰਡ ਵੀ ਰੋਕ ਲਏ, ਜੋ ਕਿ ਉਹ ਸ਼ਨੀਵਾਰ ਲੈਣ ਲਈ ਸਕੂਲ ਪਹੁੰਚੇ ਸਨ।
ਦੂਜੇ ਪਾਸੇ ਸਕੂਲ ਪ੍ਰਿੰਸੀਪਲ ਨੇ ਇਸ ਮਾਮਲੇ ’ਚ ਸਫ਼ਾਈ ਦਿੰਦੇ ਹੋਏ ਆਖਿਆ ਕਿ ਉਨ੍ਹਾਂ ਵੱਲੋਂ ਕੁੱਝ ਵੀ ਗਲਤ ਨਹੀਂ ਕੀਤਾ ਜਾ ਰਿਹਾ ਅਤੇ ਸਭ ਕੁੱਝ ਨਿਯਮਾਂ ਮੁਤਾਬਕ ਹੀ ਹੋ ਰਿਹਾ ਹੈ। ਓਧਰ ਦੂਜੇ ਪਾਸੇ ਮਾਪਿਆਂ ਵੱਲੋਂ ਸਕੂਲ ਅੱਗੇ ਲਗਾਏ ਗਏ ਧਰਨੇ ਕਾਰਨ ਖੰਨਾ-ਨਵਾਂਸ਼ਹਿਰ ਹਾਈਵੇਅ ਜਾਮ ਹੋਣ ’ਤੇ ਪੁਲਸ ਦੇ ਉੱਚ ਅਧਿਕਾਰੀ, ਜਿਨ੍ਹਾਂ ਵਿੱਚ ਡੀ. ਐੱਸ. ਪੀ. ਸਮਰਾਲਾ ਹਰਵਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਕੇ ਮਾਪਿਆਂ ਨੂੰ ਧਰਨਾ ਖ਼ਤਮ ਕਰਨ ਲਈ ਸਮਝਾ ਰਹੇ ਹਨ ਪਰ ਮਾਪੇ ਸਕੂਲ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਧਰਨੇ ’ਤੇ ਡਟੇ ਹੋਏ ਹਨ। ਮਾਪਿਆਂ ਨੇ ਸਕੂਲ ਖ਼ਿਲਾਫ਼ ਕਾਰਵਾਈ ਹੋਣ ਤੱਕ ਧਰਨਾ ਜਾਰੀ ਰੱਖੇ ਜਾਣ ਦਾ ਐਲਾਨ ਵੀ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: