ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇੱਕ 18 ਸਾਲਾ ਨੌਜਵਾਨ ਨੇ ਆਪਣੀ ਗਰਭਵਤੀ ਭੈਣ ਦਾ ਸਿਰ ਦਾਤਰੀ ਨਾਲ ਵੱਢ ਦਿੱਤਾ ਤੇ ਫਿਰ ਉਸ ਦੇ ਸਿਰ ਨਾਲ ਸੈਲਫੀ ਖਿੱਚ ਕੇ ਆਪਣੇ ਦੋਸਤਾਂ ਨਾਲ ਸਾਂਝੀ ਕੀਤੀ। ਦੋਸ਼ੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਘਟਨਾ ਔਰੰਗਾਬਾਦ ਦੀ ਵੈਜਾਪੁਰ ਤਹਿਸੀਲ ਦੇ ਗੋਇਗਾਓਂ ਪਿੰਡ ‘ਚ ਐਤਵਾਰ ਦੁਪਹਿਰ ਨੂੰ ਵਾਪਰੀ ਅਤੇ ਇਸ ਘਿਨਾਉਣੇ ਕਤਲ ਦੇ ਕੁਝ ਘੰਟਿਆਂ ਬਾਅਦ ਦੋਸ਼ੀ ਸੰਕੇਤ ਐੱਸ ਮੋਟੇ (18) ਨੇ ਆਪਣੀ ਮਾਂ ਸ਼ੋਭਾ ਐੱਸ. ਮੋਟੇ (40) ਦੇ ਨਾਲ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਅਤੇ ਆਪਣਾ ਗੁਨਾਹ ਕਬੂਲ ਕਰ ਲਿਆ।
19 ਸਾਲਾ ਲੜਕੀ ਕੀਰਤੀ ਨੇ ਆਪਣੇ ਬੁਆਏਫ੍ਰੈਂਡ ਅਵਿਨਾਸ਼ ਨਾਲ ਘਰੋਂ ਭੱਜ ਕੇ ਪੁਣੇ ‘ਚ ਵਿਆਹ ਕਰਵਾ ਲਿਆ ਸੀ। ਵਿਆਹ ਦੇ ਕੁਝ ਮਹੀਨੇ ਬਾਅਦ ਦੋਵੇਂ ਪਤੀ-ਪਤਨੀ ਪੂਨੇ ਵਿਚ ਰਹੇ ਪਰ ਬਾਅਦ ਵਿਚ ਉਹ ਆਪਣੇ ਪਿੰਡ ਚਲੇ ਗਏ। ਕੀਰਤੀ ਦੇ ਪਰਿਵਾਰ ਵਾਲੇ ਇਸ ਵਿਆਹ ਤੋਂ ਖੁਸ਼ ਨਹੀਂ ਸਨ। ਜਿਵੇਂ ਹੀ ਉਸ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਲੜਕੀ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਪਿੰਡ ਵਾਪਸ ਆ ਗਈ ਹੈ ਤਾਂ ਉਹ ਵੀ ਉਸ ਨੂੰ ਮਿਲਣ ਲਈ ਪਹੁੰਚ ਗਏ।
ਕਤਲ ਤੋਂ ਅੱਠ ਦਿਨ ਪਹਿਲਾਂ ਕੀਰਤੀ ਦੀ ਮਾਂ ਸ਼ੋਭਾ ਆਪਣੀ ਧੀ ਨੂੰ ਮਿਲਣ ਉਸ ਦੇ ਸਹੁਰੇ ਘਰ ਆਈ ਸੀ। ਉਸਦੀ ਮਾਂ ਨੇ ਉਸਨੂੰ ਝੂਠਾ ਯਕੀਨ ਦਿਵਾਇਆ ਕਿ ਕੋਈ ਵੀ ਉਸਦੇ ਨਾਲ ਨਾਰਾਜ਼ ਨਹੀਂ ਹੈ ਅਤੇ ਉਹ ਆਪਣੇ ਪਿਤਾ ਨੂੰ ਵੀ ਮਨਾ ਲਵੇਗੀ। ਐਤਵਾਰ ਨੂੰ ਕੀਰਤੀ ਦੀ ਮਾਂ ਸ਼ੋਭਾ ਅਤੇ ਉਸ ਦਾ ਭਰਾ ਸੰਕੇਤ ਉਸ ਨੂੰ ਦੁਬਾਰਾ ਮਿਲਣ ਆਏ। ਇਸ ਦੌਰਾਨ ਕੀਰਤੀ ਆਪਣੀ ਸੱਸ ਨਾਲ ਖੇਤ ਵਿੱਚ ਕੰਮ ਕਰ ਰਹੀ ਸੀ ਅਤੇ ਉਸ ਦਾ ਪਤੀ ਅਵਿਨਾਸ਼ ਦੀ ਤਬੀਅਤ ਖਰਾਬ ਹੋਣ ਕਾਰਨ ਘਰ ਵਿੱਚ ਹੀ ਸੀ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਮਾਂ ਅਤੇ ਭਰਾ ਨੂੰ ਦੇਖ ਕੇ ਕੀਰਤੀ ਖੇਤ ਛੱਡ ਕੇ ਘਰ ਆ ਗਈ। ਪਹਿਲਾਂ ਤਾਂ ਦੋਹਾਂ ਨੇ ਉਸ ਨਾਲ ਖੂਬ ਗੱਲਾਂ ਕੀਤੀਆਂ। ਇਸ ਤੋਂ ਬਾਅਦ ਕੀਰਤੀ ਚਾਹ ਬਣਾਉਣ ਲਈ ਰਸੋਈ ਵਿਚ ਚਲੀ ਗਈ। ਫਿਰ ਅਚਾਨਕ ਉਸਦੀ ਮਾਂ ਅਤੇ ਉਸਦਾ ਭਰਾ ਦੋਵੇਂ ਰਸੋਈ ਵਿੱਚ ਆ ਗਏ। ਭਰਾ ਨੇ ਉਸ ਨੂੰ ਪਿੱਛੇ ਤੋਂ ਫੜ ਲਿਆ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਦੀ ਗਰਦਨ ‘ਤੇ ਵਾਰ ਕਰ ਦਿੱਤਾ। ਇਸ ਦੌਰਾਨ ਕੀਰਤੀ ਦੀ ਮਾਂ ਨੇ ਉਸ ਦੀਆਂ ਲੱਤਾਂ ਫੜੀਆਂ ਹੋਈਆਂ ਸਨ। ਫਿਰ ਰਸੋਈ ਵਿੱਚੋਂ ਭਾਂਡੇ ਡਿੱਗਣ ਦੀ ਆਵਾਜ਼ ਆਈ। ਜਿਸ ਤੋਂ ਬਾਅਦ ਉਸਦਾ ਪਤੀ ਰਸੋਈ ਵੱਲ ਭੱਜਿਆ। ਉਸ ਦੇ ਪਤੀ ਅਵਿਨਾਸ਼ ਨੇ ਦੋਵਾਂ ਨੂੰ ਆਪਣੀ ਪਤਨੀ ਦਾ ਕਤਲ ਕਰਦੇ ਦੇਖਿਆ।
ਅਵਿਨਾਸ਼ ਨੇ ਵੀ ਕੀਰਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਉਸ ਦੇ ਭਰਾ ਸੰਕੇਤ ਨੇ ਉਸ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਪਿੱਛੇ ਹਟਣ ਲਈ ਕਿਹਾ। ਜਿਸ ਤੋਂ ਬਾਅਦ ਉਹ ਉਥੋਂ ਭੱਜ ਗਿਆ ਅਤੇ ਰੌਲਾ ਪਾਉਣ ਲੱਗਾ। ਰੌਲਾ ਸੁਣਦੇ ਹੀ ਗੁਆਂਢੀ ਇਕੱਠੇ ਹੋ ਗਏ। ਫਿਰ ਅੰਦਰੋਂ ਦੋਸ਼ੀ ਸੰਕੇਤ ਮੋਟਾ ਪੀੜਿਤਾ ਦਾ ਸਿਰ ਲੈ ਕੇ ਬਾਹਰ ਆਇਆ। ਇਸ ਦੌਰਾਨ ਉਸ ਨੇ ਸਿਰ ਨਾਲ ਸੈਲਫੀ ਵੀ ਲਈ ਅਤੇ ਮੋਟਰਸਾਈਕਲ ‘ਤੇ ਥਾਣੇ ਜਾ ਕੇ ਆਤਮ ਸਮਰਪਣ ਕਰ ਦਿੱਤਾ। ਬਾਅਦ ‘ਚ ਪੁਲਿਸ ਨੇ ਦੋਸ਼ੀ ਦੀ ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।