ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਠੇਕਾ ਮੁਲਾਜ਼ਮਾਂ ਦੀ ਫਾਈਲ ਰੋਕਣ ਦੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਰਾਜਪਾਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਅਸਲ ਤੱਥਾਂ ਤੋਂ ਪਰੇ ਹੈ।
ਉਨ੍ਹਾਂ ਕਿਹਾ ਕਿ ਠੇਕੇ ’ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਫਾਈਲ 6 ਸਵਾਲਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੂੰ ਵਾਪਸ ਭੇਜ ਦਿੱਤੀ ਗਈ ਸੀ, ਜਿਨ੍ਹਾਂ ਦਾ ਅਜੇ ਤੱਕ ਸੂਬਾ ਸਰਕਾਰ ਵੱਲੋਂ ਜਵਾਬ ਨਹੀਂ ਦਿੱਤਾ ਗਿਆ। ਸਬੰਧਤ ਫਾਈਲ ‘ਤੇ ਉਠਾਏ ਗਏ ਸਵਾਲਾਂ ਦੀ ਕਾਪੀ ਸਭ ਸਬੰਧਤ ਵਿਭਾਗਾਂ ਨੂੰ ਨੱਥੀ ਕੀਤੀ ਗਈ ਹੈ।
ਇਹ ਫਾਈਲ ਮੁੱਖ ਮੰਤਰੀ ਦਫ਼ਤਰ ਨੂੰ 31 ਦਸੰਬਰ, 2021 ਨੂੰ ਪ੍ਰਾਪਤ ਹੋਈ ਸੀ ਅਤੇ ਚੁੱਕੇ ਗਏ ਸਵਾਲਾਂ ਦੇ ਜਵਾਬ ਦਿੱਤੇ ਜਾਣੇ ਬਾਕੀ ਹਨ। ਪੁਰੋਹਿਤ ਨੇ ਕਿਹਾ, ‘ਮੈਂ ਮੁੱਖ ਮੰਤਰੀ ਨੂੰ ਫਾਈਲ ‘ਤੇ ਉਠਾਏ ਸਵਾਲਾਂ ਦੇ ਜਵਾਬ ਦੇਣ ਦੀ ਸਲਾਹ ਦਿੰਦਾ ਹਾਂ।’
ਗੌਰਤਲਬ ਹੈ ਕਿ 11 ਨਵੰਬਰ, 2021 ਨੂੰ ਰਾਜ ਵਿਧਾਨ ਸਭਾ ਵਿੱਚ ਠੇਕੇ ‘ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਬਿੱਲ ਪਾਸ ਕੀਤਾ ਗਿਆ ਸੀ। ਲਗਭਗ ਵੀਹ ਦਿਨਾਂ ਬਾਅਦ ਉਕਤ ਫਾਈਲ 1 ਦਸੰਬਰ, 2021 ਨੂੰ ਪੰਜਾਬ ਰਾਜ ਭਵਨ ਨੂੰ ਭੇਜ ਦਿੱਤੀ ਗਈ ਸੀ। ਦਸੰਬਰ ਦੌਰਾਨ ਰਾਜਪਾਲ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਦੌਰੇ ‘ਤੇ ਸਨ। ਰਾਜਪਾਲ ਨੇ 21 ਦਸੰਬਰ ਨੂੰ ਦੌਰੇ ਦੀ ਸਮਾਪਤੀ ਕੀਤੀ ਅਤੇ ਇਸ ਤੋਂ ਬਾਅਦ 23 ਦਸੰਬਰ ਨੂੰ ਮੁੱਖ ਮੰਤਰੀ ਪੰਜਾਬ ਆਏ ਅਤੇ ਉਨ੍ਹਾਂ ਨੂੰ ਪੰਜਾਬ ਰਾਜ ਭਵਨ ਵਿਖੇ ਮਿਲੇ। ਫਾਈਲ ਦਾ ਸਹੀ ਢੰਗ ਨਾਲ ਅਧਿਐਨ ਕੀਤਾ ਗਿਆ ਸੀ ਅਤੇ 31 ਦਸੰਬਰ, 2021 ਨੂੰ ਨਿਰੀਖਣ/ਸਵਾਲਾਂ ਨਾਲ CMO ਨੂੰ ਵਾਪਸ ਭੇਜ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: