ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦਿੱਤਾ ਗਿਆ। ਉਨ੍ਹਾਂ ਇਸ ਸਾਲ ਤੋਂ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਹਿਬਜ਼ਾਦਿਆਂ ਦੀ ਹਿੰਮਤ ਅਤੇ ਉਨ੍ਹਾਂ ਦੀ ਨਿਆਂ ਦੀ ਭਾਲ ਲਈ ਢੁਕਵੀਂ ਸ਼ਰਧਾਂਜਲੀ ਹੋਵੇਗੀ।
ਮਨਜਿੰਦਰ ਸਿਸਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਏ ਗਏ ਇਸ ਇਤਿਹਾਸਕ ਫੈਸਲੇ ਦੀ ਪ੍ਰਸ਼ੰਸਾ ਕੀਤੀ । ਸਿਰਸਾ ਸਮੂਹ ਦੇਸ਼ ਵਾਸੀਆਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ PM ਮੋਦੀ ਨੇ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਲਈ ‘ਵੀਰ ਬਾਲ ਦਿਵਸ’ ਮਨਾਉਣ ਦਾ ਸੰਕਲਪ ਲਿਆ। ਹਰ ਸਾਲ 26 ਦਸੰਬਰ ਨੂੰ ਇਹ ਦਿਨ ਮਨਾਇਆ ਜਾਵੇਗਾ।
ਸਿਰਸਾ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਚੁੱਕੇ ਹਨ ਪਰ ਅੱਜ ਤੱਕ ਕਿਸੇ ਨੇ ਇਹ ਨਹੀਂ ਸੋਚਿਆ ਕਿ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਅਦੁੱਤੀ ਗਾਥਾ ਨੂੰ ਦੇਸ਼ ਦੇ ਲੋਕਾਂ ਤੱਕ ਪਹੁੰਚਾਉਣ ਬਾਰੇ ਸੋਚਿਆ, ਜਿਨ੍ਹਾਂ ਨੇ ਧਰਮ ਦੇ ਉੱਤਮ ਸਿਧਾਂਤ ਤੋਂ ਭਟਕਣ ਦੀ ਬਜਾਏ ਸ਼ਹਾਦਤ ਦਾ ਜਾਮ ਪੀ ਲਿਆ।
ਉਨ੍ਹਾਂ ਕਿਹਾ ਕਿ ਹੁਣ ਜਦੋਂ ਸਾਡੇ ਬੱਚੇ ਸਾਹਿਬਜ਼ਾਦਿਆਂ ਦੀ ਇਸ ਸ਼ਹਾਦਤ ਬਾਰੇ ਪੜ੍ਹਨਗੇ ਤਾਂ ਕਲਪਨਾ ਕਰੋ ਦੇਸ਼ ਕਿਹੋ ਜਿਹਾ ਹੋਵੇਗਾ, ਦੇਸ਼ ਦਾ ਭਵਿੱਖ ਕਿਹੋ ਜਿਹਾ ਹੋਵੇਗਾ, ਸਮਾਜ ਕਿਹੋ ਜਿਹਾ ਹੋਵੇਗਾ। ਉਨ੍ਹਾਂ ਦੇ ਮਨਾਂ ਵਿਚ ਨਿਡਰਤਾ ਦਾ ਗੁਣ ਆਏਗਾ ਤੇ ਉਹ ਹਿੰਮਤ ਨਾਲ ਦੇਸ਼ ਲਈ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਜਿਸ ਸੋਚ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਹੈ, ਮੈਂ ਉਸ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।
ਵੀਡੀਓ ਲਈ ਕਲਿੱਕ ਕਰੋ -: