ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ਘਰ ਈਡੀ ਦੇ ਛਾਪੇ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਭਖ਼ ਗਈ ਹੈ। ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਆਗੂ ਅਨਮੋਲ ਗਗਨ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵੱਡੇ ਹਮਲੇ ਬੋਲੇ।
ਅਨਮੋਲ ਗਗਨ ਮਾਨ ਨੇ ਕਿਹਾ ਕਿ ਈਡੀ ਦੀ ਰੇਡ ਵਿੱਚ ਭੁਪਿੰਦਰ ਸਿੰਘ ਹਨੀ ਦੇ ਘਰੋਂ 10 ਕਰੋੜ ਰੁਪਏ ਦੀ ਰਕਮ ਬਰਾਮਦ ਹੋਈ। ਅੱਜ ਤੱਕ ਕਿਸੇ ਕੋਲੋਂ ਈਡੀ ਦੀ ਰੇਡ ਵਿੱਚ ਸੂਬੇ ‘ਚ ਇੰਨਾ ਪੈਸਾ ਨਹੀਂ ਫੜਿਆ ਗਿਆ। ਇਹ ਪੰਜਾਬ ਦੇ ਲੋਕਾਂ ਤੋਂ ਲੁੱਟ ਕੇ ਖਾਧਾ ਹੋਇਆ ਪੈਸਾ ਹੈ।
ਸੀ.ਐੱਮ. ਚੰਨੀ ‘ਤੇ ਹਮਲਾ ਬੋਲਦਿਆਂ ‘ਆਪ’ ਆਗੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਪਹਿਲਾਂ ਐਲਾਨ ਕਰਕੇ ਬੋਰਡ ਲਾ ਦਿੱਤੇ, ਐਲਾਨਾਂ ਵਿੱਚ ਕੋਈ ਸੱਚਾਈ ਨਹੀਂ ਸੀ। ਹੁਣ ਉਨ੍ਹਾਂ ਨੂੰ ਪਤਾ ਹੈ ਕਿ ਕਾਂਗਰਸ ਦੁਬਾਰਾ ਤਾਂ ਆਉਣੀ ਨਹੀਂ ਤੇ ਉਨ੍ਹਾਂ ਨੇ ਆਪਣੇ ਰਸ਼ਤੇਦਾਰਾਂ ਰਾਹੀਂ ਆਪਣਾ ਵਾਧਾ ਤੇ ਵਿਕਾਸ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਇਹ ਤਾਂ ਈਡੀ ਨੇ ਰੇਡ ਮਾਰੀ ਤਾਂ 10 ਕਰੋੜ ਫੜਿਆ ਗਿਆ, ਜੇ ਸੀ.ਐੱਮ. ਚੰਨੀ ਦੇ ਇਕੱਲੇ-ਇਕੱਲੇ ਰਿਸ਼ਤੇਦਾਰ, ਲੀਡਰ ਤੇ ਵਿਧਾਇਕਾਂ ‘ਤੇ ਰੇਡ ਮਾਰੀ ਜਾਵੇ ਤਾਂ ਇਨ੍ਹਾਂ ਨੇ ਵੀ ਕਈ ਬੇਨਾਮੀ ਪ੍ਰਾਪਰਟੀਆਂ ਆਪਣੇ ਨਾਂ ਕੀਤੀਆਂ ਹੋਈਆਂ ਨੇ। ਮੁੱਖ ਮੰਤਰੀ ਜਵਾਬ ਦੇਣ ਕਿ ਇੰਨਾ ਪੈਸਾ ਆਇਆ ਕਿੱਥੋਂ।
ਅਨਮੋਲ ਗਗਨ ਨੇ ਅੱਗੇ ਕਿਹਾ ਕਿ ਭੁਪਿੰਦਰ ਸਿੰਘ ਹਨੀ ਸੀ.ਐੱਮ. ਚੰਨੀ ਦਾ ਬਹੁਤ ਹੀ ਕਰੀਬੀ ਬੰਦਾ ਸੀ। ਉਸ ਕੋਲ ਕੋਈ ਸਰਕਾਰੀ ਅਹੁਦਾ ਵੀ ਨਹੀਂ ਸੀ ਪਰ ਫਿਰ ਵੀ ਉਸ ਨੂੰ ਸਕਿਓਰਿਟੀ ਦਿੱਤੀ ਗਈ ਸੀ ਤਾਂਜੋ ਗੈਰ-ਕਾਨੂੰਨੀ ਮਾਈਨਿੰਗ ਕਰਨ ਵਿੱਚ ਕੋਈ ਅੜਚਨ ਨਾ ਆਵੇ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਉਨ੍ਹਾਂ ਅੱਗੇ ਕਿਹਾ ਕਿ ਰਾਘਵ ਚੱਢਾ ਨੇ ਜਦੋਂ ਸ੍ਰੀ ਚਮਕੌਰ ਸਾਹਿਬ ਵਿੱਚ ਨਾਜਾਇਜ਼ ਰੇਤਾ ਮਾਈਨਿੰਗ ‘ਤੇ ਰੇਡ ਮਾਰੀ ਤਾਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਸੀ.ਐੱਮ. ਚੰਨੀ ਇਹ ਕਹਿ ਰਹੇ ਸਨ ਕਿ ਸਭ ਜਾਣ-ਬੁੱਝ ਕੇ ਕੀਤਾ ਗਿਆ ਹੈ। ਕਿਉਂਕਿ ਰੇਤ ਮਾਫੀਆ ਉਨ੍ਹਾਂ ਦੇ ਆਪਣੇ ਘਰੋਂ ਹੀ ਚੱਲ ਰਿਹਾ ਸੀ, ਜਿਸ ਵਿੱਚ ਉਨ੍ਹਾਂ ਦੇ ਆਪਣੇ ਰਿਸ਼ਤੇਦਾਰ ਸਨ ਤੇ ਸਿੱਧਾ ਕਨੈਕਸ਼ਨ ਸੀ.ਐੱਮ. ਚੰਨੀ ਦਾ ਆਪਣਾ ਹੈ।
ਮੁੱਖ ਮੰਤਰੀ ਚੰਨੀ ਦੇ ਅਰਵਿੰਦ ਕੇਜਰੀਵਾਲ ‘ਤੇ ਮਾਨਹਾਨੀ ਵਾਲੇ ਬਿਆਨ ‘ਤੇ ‘ਆਪ’ ਆਗੂ ਨੇ ਕਿਹਾ ਕਿ ਮੈਂ ਖੁਦ ਕਹਿਣੀ ਹਾਂ ਕਿ ਚਰਨਜੀਤ ਸਿੰਘ ਚੰਨੀ ਚੋਰ ਨੇ, ਪਹਿਲਾ ਕੇਸ ਮੇਰੇ ‘ਤੇ ਕਰੀਓ ਬਾਅਦ ਵਿੱਚ ਅਰਵਿੰਦ ਕੇਜਰੀਵਾਲ ‘ਤੇ। ਜਿਹੜਾ ਬੰਦਾ ਆਪ ਚੋਰ ਹੋਵੇ ਉਹ ਦੂਜੇ ਚੋਰਾਂ ਨੂੰ ਕਿਵੇਂ ਫੜ ਲਵੇਗਾ।