ਪੰਜਾਬ ਵਿੱਚ 20 ਫ਼ਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਪਰ ਫਿਲਮ ਅਦਾਕਾਰ ਤੋਂ ਸਿਆਸਤਦਾਨ ਬਣੇ ਸੰਨੀ ਦਿਓਲ ਨੇ 2019 ਦੀਆਂ ਲੋਕ ਸਭਾ ਚੋਣਾਂ ਗੁਰਦਾਸਪੁਰ ਤੋਂ ਭਾਜਪਾ ਦੇ ਜਿੱਤਣ ਤੋਂ ਬਾਅਦ ਮੁੜ ਕੇ ਆਪਣੇ ਹਲਕੇ ਵੱਲ ਵੇਖਿਆ ਵੀ ਨਹੀਂ।
ਵਿਧਾਨ ਸਭਾ ਚੋਣਾਂ ‘ਚ ਇਨ੍ਹੀਂ ਦਿਨੀਂ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਦੀ ਗੈਰ-ਹਾਜ਼ਰੀ ਚਰਚਾ ‘ਚ ਹੈ। ਇਸ ਦਾ ਖ਼ਮਿਆਜ਼ਾ ਭਾਜਪਾ ਨੂੰ ਪੂਰੇ ਪੰਜਾਬ ਵਿੱਚ ਭੁਗਤਣਾ ਪੈ ਸਕਦਾ ਹੈ ਅਤੇ ਇਸ ਦਾ ਉਲਟਾ ਅਸਰ ਭਾਜਪਾ ਦੀਆਂ ਸੀਟਾਂ ’ਤੇ ਪਵੇਗਾ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸੰਨੀ ਦਿਓਲ ਕੋਈ ਆਮ ਨਾਂ ਨਹੀਂ ਹੈ ਅਤੇ ਪੰਜਾਬ ਦੇ ਲੋਕ ਉਨ੍ਹਾਂ ਅਤੇ ਉਨ੍ਹਾਂ ਦੇ ਕੰਮ ਤੋਂ ਚੰਗੀ ਤਰ੍ਹਾਂ ਜਾਣੂ ਹਨ। ਪੂਰੇ ਪੰਜਾਬ ਵਿੱਚ ਇਸ ਗੱਲ ਦੀ ਕਾਫੀ ਚਰਚਾ ਹੈ ਕਿ ਗੁਰਦਾਸਪੁਰ ਦੇ ਲੋਕਾਂ ਨਾਲ ਧੋਖਾ ਹੋਇਆ ਹੈ।
ਇੱਕ ਪਾਸੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ 20 ਦਿਨ ਬਾਕੀ ਹਨ। ਲੰਮੇ ਸਮੇਂ ਤੋਂ ਸੰਸਦ ਮੈਂਬਰ ਦੇ ਹਲਕੇ ਵਿੱਚ ਨਾ ਨਜ਼ਰ ਆਉਣ ਨਾਲ ਭਾਜਪਾ ਵਰਕਰਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਇੰਨਾ ਹੀ ਨਹੀਂ ਸੰਸਦ ਮੈਂਬਰ ਦੀ ਗੈਰ-ਮੌਜੂਦਗੀ ਕਾਰਨ ਜਨਤਾ ਵੀ ਪ੍ਰੇਸ਼ਾਨ ਹੈ। ਸੰਨੀ ਦਿਓਲ ਦੇ ਇਸ ਰਵੱਈਏ ਨਾਲ ਕਾਂਗਰਸੀ ਵੀ ਤੰਜ ਕੱਸਦੇ ਹੋਏ ਵੋਟਰਾਂ ਨੂੰ ਯਾਦ ਕਰਵਾ ਰਹੇ ਹਨ ਕਿ ਤੁਹਾਨੂੰ ਦੱਸਿਆਸੀ ਕਿ ਰੀਲ ਹੀਰੋ ਤੇ ਰੀਅਲ ਹੀਰੋ ਵਿੱਚ ਫਰਕ ਹੁੰਦਾ ਹੈ। ਤੁਸੀਂ ਨਹੀਂ ਮੰਨੇ ਤੇ ਹੁਣ ਭੁਗਤ ਰਹੇ ਹੋ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਪੰਜਾਬ ਦੇ ਵੱਖ-ਵੱਖ ਹਲਕਿਆਂ ਵਿਚ ਵਿਰੋਧੀ ਧਿਰ ਪੈਰਾਸ਼ੂਟ ਨੇਤਾਵਾਂ ਦੀ ਮਿਸਾਲ ਸੰਨੀ ਦਿਓਲ ਦੇ ਰੂਪ ਵਿਚ ਦੇ ਰਹੀ ਹੈ। ਵਿਰੋਧੀ ਧਿਰ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਅਜਿਹੇ ਨੇਤਾਵਾਂ ਨੂੰ ਕਦੇ ਵੀ ਵੋਟ ਨਾ ਪਾਓ, ਜਿਨ੍ਹਾਂ ਦਾ ਨਾਂ ਵੱਡਾ ਹੋਵੇ ਪਰ ਫਲਸਫਾ ਛੋਟਾ ਹੋਵੇ। ਕੋਰੋਨਾ ਦੌਰ ਦੀ ਸ਼ੁਰੂਆਤ ‘ਚ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਆਏ ਅਤੇ ਲੋਕਾਂ ਨੂੰ ਮਿਲਣ ਦੀ ਬਜਾਏ ਸਿਰਫ ਅਧਿਕਾਰੀਆਂ ਨੂੰ ਮਿਲੇ ਅਤੇ ਰਸਮੀ ਕਾਰਵਾਈਆਂ ਪੂਰੀਆਂ ਕਰਕੇ ਚਲੇ ਗਏ।
ਸੰਨੀ ਦਿਓਲ ਨੇ ਕਿਸਾਨ ਸੰਘਰਸ਼ ਦੌਰਾਨ ਵੀ ਪੰਜਾਬੀਆਂ ਲਈ ਇੱਕ ਵੀ ਸ਼ਬਦ ਨਹੀਂ ਬੋਲਿਆ ਅਤੇ ਸਿਰਫ਼ ਪਾਰਟੀ ਦੀ ਹਾਂ ਵਿੱਚ ਹਾਂ ਮਿਲਾਈ, ਜਿਸ ਕਾਰਨ ਪੰਜਾਬ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਬੇਸ਼ੱਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਖੇਤੀ ਸਬੰਧੀ ਤਿੰਨੋਂ ਕਾਨੂੰਨ ਵਾਪਸ ਲੈ ਲਏ ਹਨ ਪਰ ਸੰਨੀ ਦਿਓਲ ਦੀ ਚੁੱਪ ਪੰਜਾਬੀਆਂ ਦੇ ਗਲੇ ਤੋਂ ਹੇਠਾਂ ਨਹੀਂ ਲੰਘ ਰਹੀ।