ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ 3 ਦਿਨ ਦੀ ਹੋਰ ਰਿਮਾਂਡ ‘ਤੇ ਭੇਜ ਦਿੱਤਾ ਹੈ। ਹਨੀ 11 ਫਰਵਰੀ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿਚ ਰਹਿਣਗੇ।
ਭੁਪਿੰਦਰ ਸਿੰਘ ਹਨੀ ਨੂੰ ਅੱਜ ED ਦੇ ਅਧਿਕਾਰੀਆਂ ਨੇ ਜਲੰਧਰ ਦੀ ਜੁਡੀਸ਼ੀਅਲ ਕੋਰਟ ਜ਼ਿਲ੍ਹਾ ਸੈਸ਼ਨ ਜੱਜ ਰੁਪਿੰਦਰਜੀਤ ਚਹਿਲ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਥੇ ਈਡੀ ਦੇ ਵਕੀਲ ਲੋਕੇਸ਼ ਨਾਰੰਗ ਤੇ ਭੁਪਿੰਦਰ ਸਿੰਘ ਹਨੀ ਦੇ ਵਕੀਲ ਹਰਨੀਤ ਸਿੰਘ ਓਬਰਾਏ ਦਰਮਿਆਨ ਕੇਸ ਦੀਆਂ ਦਲੀਲਾਂ ਨੂੰ ਲੈ ਕੇ ਬਹਿਸ ਹੋਈ। ਈਡੀ ਦੇ ਵਕੀਲ ਨੇ ਭੁਪਿੰਦਰ ਸਿੰਘ ਹਨੀ ਦੇ 10 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਜੁਡੀਸ਼ੀਅਲ ਕੋਰਟ ਸੈਸ਼ਨ ਜੱਜ ਨੇ 3 ਦਿਨ ਦੇ ਰਿਮਾਂਡ ‘ਤੇ ਭੇਜਿਆ ਹੈ।
ਗੌਰਤਲਬ ਹੈ ਕਿ ਹਨੀ ਨੇ ਰੇਤੇ ਦੀ ਮਾਈਨਿੰਗ ਵੱਟੇ 10 ਕਰੋੜ ਰੁਪਏ ਨਕਦ ਲੈਣ ਦਾ ਗੁਨਾਹ ਕਬੂਲ ਕੀਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜਾਰੀ ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਦੇ ਭਾਣਜੇ ਨੇ ਦਰਿਆਵਾਂ ਵਿਚੋਂ ਨਾਜਾਇਜ਼ ਤਰੀਕੇ ਨਾਲ ਰੇਤਾ ਕੱਢਣ ਨੂੰ ਹਰੀ ਝੰਡੀ ਦੇਣ ਅਤੇ ਸਰਕਾਰੀ ਅਫਸਰਾਂ ਦੀ ਮਰਜ਼ੀ ਮੁਤਾਬਕ ਤਾਇਨਾਤੀ ਅਤੇ ਤਬਾਦਲੇ ਬਦਲੇ ਇਹ ਰਕਮ ਹਾਸਲ ਕੀਤੀ ਹੈ।
ਛਾਪਿਆਂ ਦੌਰਾਨ ਭੁਪਿੰਦਰ ਸਿੰਘ ਉਰਫ ਹਨੀ, ਉਸ ਦੇ ਪਿਤਾ ਸੰਤੋਖ ਸਿੰਘ, ਕੁਦਰਤਦੀਪ ਸਿੰਘ ਤੇ ਸੰਦੀਪ ਸਿੰਘ ਦੇ ਬਿਆਨ ਦਰਜ ਕੀਤੇ ਗਏ ਜਿਨ੍ਹਾਂ ਰਾਹੀਂ ਇਹ ਸਪੱਸ਼ਟ ਹੋ ਗਿਆ ਕਿ 10 ਕਰੋੜ ਰੁਪਏ ਦੀ ਰਕਮ ਭੁਪਿੰਦਰ ਸਿੰਘ ਹਨੀ ਦੀ ਹੈ। ED ਨੇ 3-4 ਫਰਵਰੀ ਦੀ ਦਰਮਿਆਨੀ ਰਾਤ ਨੂੰ ਕਾਰਵਾਈ ਕਰਦਿਆਂ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫਤਾਰ ਕੀਤਾ ਸੀ ਤੇ 8 ਘੰਟੇ ਤੱਕ ਪੁੱਛ ਪੜਤਾਲ ਕਰਨ ਤੋਂ ਬਾਅਦ ਅਦਾਲਤ ਵਿਚ ਪੇਸ਼ ਕਰਦਿਆਂ ਰਿਮਾਂਡ ‘ਤੇ ਲੈ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ED ਵੱਲੋਂ 18 ਜਨਵਰੀ ਨੂੰ ਹਨੀ ਤੇ ਉਸ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਗਏ ਸਨਥ ਛਾਪਿਆਂ ਦੌਰਾਨ 10 ਕਰੋੜ ਰੁਪਏ ਨਕਦ ਬਰਾਮਦ ਕੀਤੇ ਗਏ ਜਿਨ੍ਹਾਂ ਵਿਚੋਂ 8 ਕਰੋੜ ਹਨੀ ਦੇ ਮੋਹਾਲੀ ਸਥਿਤ ਘਰ ਵਿਚੋਂ ਤੇ 2 ਕਰੋੜ ਉਸ ਦੇ ਪਾਰਟਨਰ ਸੰਦੀਪ ਕੁਮਾਰ ਦੇ ਲੁਧਿਆਣਾ ਸਥਿਤ ਟਿਕਾਣੇ ਤੋਂ ਬਰਾਮਦ ਕੀਤੇ ਗਏ।