ਫਾਜ਼ਿਲਕਾ : ਸਰਹੱਦਾਂ ‘ਤੇ ਸੁਰੱਖਿਆ ਨੂੰ ਲੈ ਕੇ ਅੱਜ ਗਵਰਨਰ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਾਜ਼ਿਲਕਾ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਰੱਹਦੀ ਜਿ਼ਲ੍ਹੇ ਦੇ ਸਰਪੰਚਾਂ ਅਤੇ ਪੰਚਾਂ ਦੇ ਨਾਲ ਨਾਲ ਕੇਂਦਰ ਅਤੇ ਰਾਜ ਸਰਕਾਰ ਦੀਆਂ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ।
ਗਵਰਨਰ ਬੀ.ਐੱਲ. ਪੁਰੋਹਿਤ ਨੇ ਰਾਜ ਦੇ 6 ਸਰਹੱਦੀ ਜਿ਼ਲ੍ਹਿਆਂ ਵਿਚ ਕੌਮੀ ਸੁਰੱਖਿਆ ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦਿਆਂ ਸ਼ਨੀਵਾਰ ਨੂੰ ਕੇਂਦਰੀ ਅਤੇ ਰਾਜ ਸੁਰੱਖਿਆ ਏਜੰਸੀਆਂ ਵਿਚਕਾਰ ਆਪਸੀ ਤਾਲਮੇਲ ਦੀ ਲੋੜ ‘ਤੇ ਵਿਸੇਸ਼ ਜ਼ੋਰ ਦਿੱਤਾ ਤਾਂ ਜ਼ੋ ਦੇਸ਼ ਦੀ ਏਕਤਾ ਅਤੇ ਅੰਖਡਤਾ ਨੂੰ ਹਰ ਹਾਲ ਕਾਇਮ ਰੱਖਿਆ ਜਾ ਸਕੇ।।
ਰਾਜਪਾਲ ਨੇ ਕਿਹਾ ਕਿ ਮੀਟਿੰਗ ਦਾ ਮੁੱਖ ਏਜੰਡਾ ਇਨ੍ਹਾਂ ਜ਼ਿਲ੍ਹਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਮਜ਼ਬੂਤ ਤੰਤਰ ਤਿਆਰ ਕਰਨਾ ਸੀ, ਖ਼ਾਸਕਰ ਉਸ ਵੇਲੇ ਜਦੋਂ ਗੁਆਂਢੀ ਦੇਸ਼ ਡਰੋਨਾਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਕੇ ਪੰਜਾਬ ਵਿੱਚ ਸੰਕਟ ਪੈਦਾ ਕਰਨ ਦੇ ਤਰੀਕੇ ਲੱਭ ਰਿਹਾ ਹੈ। ਇਸ ਨੂੰ ਲੈ ਕੇ ਅਣਗਹਿਲੀ ਦੀ ਕੋਈ ਗੁੰਜਾਇਸ਼ ਨਹੀਂ ਹੈ।
ਸਕੂਲ ਜਾਣ ਵਾਲੇ ਬੱਚਿਆਂ ਦੇ ਹੱਥਾਂ ਵਿੱਚ ਸਰਹੱਦ ਪਾਰੋਂ ਨਸ਼ੇ ਜਾਣ ‘ਤੇ ਚਿੰਤਾ ਜ਼ਾਹਰ ਕਰਦਿਆਂ ਰਾਜਪਾਲ ਨੇ ਲੋਕਾਂ ਦੇ ਸਹਿਯੋਗ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਅਜਿਹੀ ਨਾਪਾਕ ਗਤੀਵਿਧੀ ਹੋਣ ‘ਤੇ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਸੁਚੇਤ ਰਹਿਣ ਲਈ ਕਿਹਾ।
ਰਾਜਪਾਲ ਨੇ ਅੱਗੇ ਦੱਸਿਆ ਕਿ ਨੌਜਵਾਨਾਂ ਖਾਸ ਕਰਕੇ ਸਰਹੱਦੀ ਖੇਤਰਾਂ ਨਾਲ ਸਬੰਧਤ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਜਲਦੀ ਹੀ ‘ਅਗਨੀਪਥ’ ਨਾਂ ਦੀ ਇੱਕ ਸਕੀਮ ਦਾ ਉਦਘਾਟਨ ਕੀਤਾ ਜਾਵੇਗਾ, ਜਿਸ ਵਿੱਚ ਨੌਜਵਾਨਾਂ ਨੂੰ ਲੋੜੀਂਦੀ ਸਿਖਲਾਈ ਤੋਂ ਇਲਾਵਾ ਫੌਜ ਵਿੱਚ 4-6 ਸਾਲ ਰੁਜ਼ਗਾਰ ਵੀ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਹਿੱਤਾਂ ਦੇ ਮੁੱਦੇ ਭਾਰਤ ਸਰਕਾਰ ਕੋਲ ਉਠਾਉਣ ਲਈ ਕੀਤੇ ਗਏ ਹਰ ਯਤਨ ਨੂੰ ਦਿਲੋਂ ਸਮਰਥਨ ਦੇਵਾਂਗਾ। ਰਾਜਪਾਲ ਨੇ ਇਹ ਵੀ ਕਿਹਾ ਕਿ ਉਹ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਹਰ 3 ਮਹੀਨਿਆਂ ਬਾਅਦ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨਗੇ।
ਇਸ ਮੌਕੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਉਨ੍ਹਾਂ ਸ਼ਹੀਦਾਂ ਦੀ ਧਰਤੀ ਹੈ, ਜਿਨ੍ਹਾਂ ਨੇ ਆਜ਼ਾਦੀ ਦੇ ਅੰਦੋਲਨ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਲਾਲਾ ਲਾਜਪਤ ਰਾਏ ਵਰਗੇ ਮਹਾਨ ਕ੍ਰਾਂਤੀਕਾਰੀਆਂ ਨੂੰ ਜਨਮ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸੂਬੇ ਦੇ ਬਹਾਦਰ ਨੌਜਵਾਨ ਦੇਸ਼ ਦੀ ਰੱਖਿਆ ਲਈ ਫੌਜ ਵਿੱਚ ਸੇਵਾਵਾਂ ਦੇ ਕੇ ਆਪਣੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਧਿਆਨ ਸਕੂਲਾਂ, ਕਾਲਜਾਂ ਤੋਂ ਇਲਾਵਾ ਸਰਹੱਦੀ ਖੇਤਰਾਂ ਵਿੱਚ ਸਨਅਤ ਅਤੇ ਹੁਨਰ ਵਿਕਾਸ ਸੰਸਥਾਵਾਂ ਲਿਆਉਣ ‘ਤੇ ਹੈ ਤਾਂ ਜੋ ਨੌਜਵਾਨਾਂ ਨੂੰ ਨੌਕਰੀ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ, ਜਿਨ੍ਹਾਂ ਕੋਲ ਭਰਪੂਰ ਪ੍ਰਤਿਭਾ ਤਾਂ ਹੈ, ਪਰ ਉਹਨਾਂ ਨੂੰ ਵਰਤਣ ਦਾ ਕੋਈ ਸਾਧਨ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਸੀ.ਐੱਮ. ਮਾਨ ਨੇ ਅੱਗੇ ਕਿਹਾ ਕਿ ਰਾਜ ਸਰਕਾਰ ਦੇਸ਼ ਦੀਆਂ ਹਥਿਆਰਬੰਦ ਸੇਨਾਵਾਂ ਲਈ ਭਵਿੱਖ ਦੇ ਅਧਿਕਾਰੀ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਵਿੱਚ ਸੈਨਿਕ ਸਕੂਲਾਂ ਨੂੰ ਲਿਆਉਣ ਲਈ ਵੀ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।
ਕੌਮੀ ਸੁਰੱਖਿਆ ਦੇ ਮੁੱਦੇ ‘ਤੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਹੋਣ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ 12 ਅਪ੍ਰੈਲ ਨੂੰ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣਗੇ ਤਾਂ ਜੋ ਪੰਜਾਬ ਪੁਲਿਸ ਨੂੰ ਸਰਹੱਦ ਪਾਰੋਂ ਤਸਕਰੀ ਨੂੰ ਨੱਥ ਪਾਉਣ ਲਈ ਅਤਿ-ਆਧੁਨਿਕ ਤਕਨੀਕੀ ਉਪਕਰਨ ਮੁਹੱਈਆ ਕਰਵਾਉਣ ਦਾ ਮੁੱਦਾ ਉਠਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਵਾਲੇ ਕਿਸਾਨਾਂ ਦਾ ਮਾਮਲਾ ਵੀ ਜਲਦੀ ਹੀ ਹੱਲ ਕਰ ਲਿਆ ਜਾਵੇਗਾ।