ਬਠਿੰਡਾ/ਮਾਨਸਾ : ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਭੁੱਚੋ ਮੰਡੀ ਵਿਚ ਮੁਸਾਫਰ ਰੇਲ ਗੱਡੀਆਂ ਦਾ ਮੁੜ ਰੁਕਣਾ ਯਕੀਨੀ ਬਣਾਇਆ ਜਾਵੇ।
ਰੇਲ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਸਰਦਾਰਨੀ ਬਾਦਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਆਉਣ ਤੋਂ ਪਹਿਲਾਂ ਤਕਰੀਬਨ ਸਾਰੀਆਂ ਹੀ ਪ੍ਰਮੁੱਖ ਰੇਲ ਗੱਡੀਆਂ ਖਾਸ ਤੌਰ ‘ਤੇ ਮੁਸਾਫਰ ਰੇਲ ਗੱਡੀ ਨੰਬਰ 14507-8, 14525-26 ਅਤੇ 14735 ਰੇਲ ਗੱਡੀਆਂ ਭੁੱਚੋ ਮੰਡੀ ਰੇਲਵੇ ਸਟੇਸ਼ਨ ‘ਤੇ ਰੁਕਦੀਆਂ ਸਨ। ਕੋਰੋਨਾ ਮਹਾਮਾਰੀ ਦੀ ਆਮਦ ਮਗਰੋਂ ਇਨ੍ਹਾਂ ਦਾ ਇਥੇ ਰੁਕਣਾ ਬੰਦ ਕਰ ਦਿੱਤਾ ਗਿਆ ਸੀ।
ਬਠਿੰਡਾ ਐਮ ਪੀ ਨੇ ਕਿਹਾ ਕਿ ਭੁੱਚੋ ਮੰਡੀ ਤੋਂ ਰੇਲ ਗੱਡੀਆਂ ਵਿਚ ਚੜ੍ਹਨ ਵਾਲੀਆਂ ਸਵਾਰੀਆਂ ਵਿਚੋਂ ਬਹੁਤੇ ਰੋਜ਼ਾਨਾ ਸਫਰ ਕਰਨ ਵਾਲੇ ਮੁਸਾਫਰ ਹਨ। ਇਸ ਕਾਰਨ ਇਨ੍ਹਾਂ ਨੂੰ ਰੇਲ ਗੱਡੀ ਫੜਨ ਲਈ ਵੱਖੋ ਵੱਖ ਸਟੇਸ਼ਨਾਂ ‘ਤੇ ਜਾਣਾ ਪੈਂਦਾ ਹੈ।
ਉਨ੍ਹਾਂ ਨੇ ਆਪਣੇ ਪੱਤਰ ਰਾਹੀਂ ਰੇਲ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਉਹ ਲੋਕਾਂ ਦੀ ਇਸ ਮੁਸ਼ਕਿਲ ਨੂੰ ਸਮਝ ਕੇ ਰੇਲ ਗੱਡੀਆਂ ਦਾ ਮੁੜ ਭੁੱਚੋ ਮੰਡੀ ‘ਤੇ ਰੁਕਣਾ ਯਕੀਨੀ ਬਣਾਉਣ ਲਈ ਛੇਤੀ ਹੀ ਲੋੜੀਂਦੇ ਹੁਕਮ ਜਾਰੀ ਕਰਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”