ਖੰਨਾ ਵਿਖੇ ਬੀਤੇ ਦਿਨੀਂ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿਚ ਇੱਕੋ ਹੀ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖਮੀ ਹੋ ਗਏ। ਹਾਦਸਾ ਖੰਨਾ ਦੇ ਪਿੰਡ ਅਲੌੜ ਨੇੜੇ ਵਾਪਰਿਆ।
ਇੱਕ ਕੰਟੇਨਰ ਕਾਰ ‘ਤੇ ਜਾ ਡਿੱਗਿਆ ਜਿਸ ਕਾਰਨ ਕਾਰ ਵਿਚ ਬੈਠੇ ਪਰਿਵਾਰ ਦੇ 5 ਮੈਂਬਰ ਬੁਰੀ ਤਰ੍ਹਾਂ ਉਸ ਵਿਚ ਦਬੇ ਗਏ ਤੇ ਉਨ੍ਹਾਂ ਨੂੰ ਕੱਢਣ ਲਈ ਕਰੇਨਾਂ ਦੀ ਮਦਦ ਲਈ ਗਈ। ਪਰ ਜਦੋਂ ਤੱਕ ਰਾਹਤ ਕਾਰਜ ਖਤਮ ਹੋਇਆ ਉਦੋਂ ਤੱਕ ਕਾਰ ਵਿਚ ਬੈਠੇ ਤਿੰਨ ਜੀਅ ਮਾਂ ਤੇ ਦੋ ਜੁੜਵਾਂ ਭੈਣ-ਭਰਾ ਨਹੀਂ ਬਚ ਸਕੇ ਸਨ ਜਦੋਂ ਕਿ ਬੱਚਿਆਂ ਦੇ ਪਿਓ ਤੇ ਦਾਦੀ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਿਆ ਗਿਆ।
ਮ੍ਰਿਤਕਾਂ ਦੀ ਪਛਾਣ ਨਵਪ੍ਰੀਤ ਕੌਰ, 10 ਸਾਲਾ ਲੜਕਾ ਹਰਸਿਮਰਨ ਸਿੰਘ ਤੇ ਲੜਕੀ ਹਰਸੀਰਤ ਕੌਰ ਵਜੋਂ ਹੋਈ ਹੈ ਤੇ ਕਾਰ ਚਾਲਕ ਗੁਰਵਿੰਦਰ ਸਿੰਘ ਬੌਬੀ ਤੇ ਉਨ੍ਹਾਂ ਦੀ ਮਾਤਾ ਕਮਲਜੀਤ ਕੌਰ ਗੰਭੀਰ ਤੌਰ ‘ਤੇ ਜ਼ਖਮੀ ਹਨ। ਮਿਲੀ ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਪਿੰਡ ਨਸਰਾਲੀ ਦਾ ਰਹਿਣ ਵਾਲਾ ਹੈ ਜੋ ਕਿ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ ਤੇ ਵਾਪਸੀ ਸਮੇਂ ਉਨ੍ਹਾਂ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਹਾਦਸਾ ਨੈਸ਼ਨਲ ਹਾਈਵੇ ‘ਤੇ ਸਥਿਤ ਪ੍ਰਿਸਟਾਈਨ ਮਾਲ ਦੇ ਸਾਹਮਣੇ ਹੋਇਆ। ਹਾਦਸਾ ਇੰਨਾ ਦਰਦਨਾਕ ਸੀ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਹੁਤ ਮੁਸ਼ਕਲ ਨਾਲ ਗੱਡੀ ਤੋਂ ਬਾਹਰ ਕੱਢਿਆ ਜਾ ਸਕਿਆ। ਕਾਰ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਕ੍ਰੇਨ ਮੰਗਵਾਈ ਗਈ।
ਮਰਨ ਵਾਲੇ ਦੋਵੇਂ ਭੈਣ-ਭਰਾ ਜੁੜਵਾਂ ਸਨ। ਇਕ ਹੀ ਦਿਨ ਪੈਦਾ ਹੋਏ ਸਨ ਤੇ ਇਕ ਹੀ ਦਿਨ ਹਾਦਸੇ ਵਿਚ ਉੁਨ੍ਹਾਂ ਦੀ ਜਾਨ ਚਲੀ ਗਈ। ਦੋਵਾਂ ਭੈਣ ਭਰਾਵਾਂ ਵਿਚ ਬਹੁਤ ਹੀ ਪਿਆਰ ਸੀ ਤੇ ਉਹ ਇਕ ਪਲ ਲਈ ਵੀ ਇੱਕ-ਦੂਜੇ ਤੋਂ ਵੱਖ ਨਹੀਂ ਰਹਿੰਦੇ ਸੀ.
ਵੀਡੀਓ ਲਈ ਕਲਿੱਕ ਕਰੋ -: