ਪਟਿਆਲਾ ਤੋਂ ਦਿਲ ਕੰਬਾਊਂ ਘਟਨਾ ਸਾਹਮਣੇ ਆਈ ਹੈ ਜਿਥੇ ਸ਼ਰੇਆਮ ਇੱਕ ਔਰਤ ਤੇ ਉਸ ਦੀ ਧੀ ਦਾ ਕਤਲ ਕਰ ਦਿੱਤਾ ਗਿਆ ਹੈ। ਦੋਹਰੇ ਕਤਲਕਾਂਡ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਫਿਰ ਤੋਂ ਸਵਾਲਾਂ ਦੇ ਘੇਰ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।
ਦੱਸ ਦੇਈਏ ਕਿ ਪਟਿਆਲਾ ਦੇ ਨੇੜੇ ਲੱਗਦੇ ਭੁਨਰਹੇੜੀ ਵਿਚ ਗੁਰਦੁਆਰਾ ਸਾਹਿਬ ਦੇ ਕੋਲ ਸੁੱਚਾ ਸਿੰਘ ਕਾਲੋਨੀ ਕੋਲ ਔਰਤ ਜਿਸ ਦੀ ਉਮਰ 40-45 ਸਾਲ ਦੱਸੀ ਜਾ ਰਹੀ ਹੈ, ਕੁਝ ਦਿਨ ਪਹਿਲਾਂ ਹੀ ਆਪਣੇ ਤਿੰਨ ਬੱਚਿਆਂ ਸਮੇਤ ਕਿਰਾਏ ‘ਤੇ ਰਹਿ ਰਹੀ ਸੀ। ਔਰਤ ਦੀ ਪਛਾਣ ਹਰਪ੍ਰੀਤ ਕੌਰ ਵਜੋਂ ਹੋਈ ਹੈ ਤੇ ਉਸ ਦੀ ਪਤੀ ਨਾਲ ਕੁਝ ਅਣਬਣ ਚੱਲ ਰਹੀ ਸੀ। ਔਰਤ ਬੁਢਲਾਡਾ ਇਲਾਕੇ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।
ਮੌਕੇ ‘ਤੇ ਮੌਜੂਦ ਚਸ਼ਮਦੀਦ ਨੇ ਦੱਸਿਆ ਕਿ ਕੁਝ ਵਿਅਕਤੀ ਗੱਡੀ ਵਿਚ ਆਉਂਦੇ ਹਨ ਤੇ ਔਰਤ ਨੂੰ ਗੱਡੀ ਦੀ ਫੇਟ ਮਾਰਦੇ ਹਨ। ਤੇ ਫਿਰ ਬਾਅਦ ਵਿਚ ਉਸ ਦੀ ਗਰਦਨ ‘ਤੇ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ ਤੇ ਧੀ ਦਾ ਵੀ ਕਤਲ ਕਰ ਦਿੰਦੇ ਹਨ ਤੇ ਇੰਨਾ ਹੀ ਬੱਸ ਨਹੀਂ ਜਦੋਂ ਮਨਜੀਤ ਸਿੰਘ ਨਾਂ ਦੇ ਵਿਅਕਤੀ ਔਰਤ ਨੂੰ ਬਚਾਉਣ ਲਈ ਅੱਗੇ ਆਉਂਦਾ ਹੈ ਤਾਂ ਉਸ ‘ਤੇ ਹਮਲਾ ਵੀ ਕਰ ਦਿੱਤਾ ਜਾਂਦਾ ਹੈ।
ਪੂਰੀ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਵੱਲੋਂ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੂਰੇ ਪੰਜਾਬ ਅਲਰਟ ਜਾਰੀ ਕੀਤਾ ਗਿਆ ਹੈ ਤੇ ਇਸ ਦਰਮਿਆਨ ਪਟਿਆਲਾ ਵਿਚ ਇੰਨੀ ਵੱਡੀ ਵਾਰਦਾਤ ਦਾ ਵਾਪਰਨਾ ਬੇਹੱਦ ਸ਼ਰਮਨਾਕ ਹੈ।