jasbir jassi sidhu moosewala: ਜਸਬੀਰ ਜੱਸੀ ਨੇ ਬੀਤੇ ਦਿਨੀਂ ਇਕ ਵੀਡੀਓ ਸਾਂਝੀ ਕਰਕੇ ਮੁਆਫ਼ੀ ਮੰਗੀ ਹੈ। ਦਰਅਸਲ ਜਸਬੀਰ ਜੱਸੀ ਨੂੰ ਇਹ ਮੁਆਫ਼ੀ ਆਪਣੇ ਇਕ ਟਵੀਟ ਦੇ ਚਲਦਿਆਂ ਮੰਗਣੀ ਪਈ ਹੈ। ਇਸ ਟਵੀਟ ’ਚ ਜਸਬੀਰ ਜੱਸੀ ਨੇ ਲਿਖਿਆ ਸੀ, ‘‘ਇਕ ਗੱਲ ਮੈਂ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਦੇ ਵੀ ਬੰਦੂਕਾਂ, ਸ਼ਰਾਬ ਤੇ ਡਰੱਗਸ ਵਾਲੇ ਗਾਣੇ ਨਹੀਂ ਕਰਾਂਗਾ, ਭਾਵੇਂ ਮੇਰਾ ਨਾਂ ਤੇ ਗਾਣੇ ਬਿਲਬੋਰਡ ਚਾਰਟ ’ਚ ਆਉਣ ਜਾਂ ਨਾ। ਮੈਨੂੰ ਉਨ੍ਹਾਂ ਲੋਕਾਂ ਦੀ ਕੋਈ ਪਰਵਾਹ ਨਹੀਂ, ਜੋ ਕਹਿੰਦੇ ਹਨ ਕਿ ਅਸਲੇ ਤੇ ਨਸ਼ੇ ਵਾਲੇ ਗਾਣੇ ਕਰੋ ਤਾਂ ਕਿ ਮੈਂ ਵੀ ਇਨ੍ਹਾਂ ਚਾਰਟਸ ’ਚ ਆ ਸਕਾਂ।’’
ਜੱਸੀ ਦੇ ਇਸ ਟਵੀਟ ਨੂੰ ਸਿੱਧੂ ਮੂਸੇ ਵਾਲਾ ਨਾਲ ਜੋੜਿਆ ਜਾ ਰਿਹਾ ਹੈ ਕਿਉਂਕਿ ਇਨ੍ਹੀਂ ਦਿਨੀਂ ਸਿੱਧੂ ਦੇ ਗੀਤ ਬਿਲਬੋਰਡ ’ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਲੋਕਾਂ ਨੇ ਜਸਬੀਰ ਜੱਸੀ ਨੂੰ ਮਾੜੇ ਬੋਲ ਵੀ ਬੋਲੇ ਤੇ ਕਿਹਾ ਕਿ ਉਹ ਕਿਸੇ ਦੀ ਮੌਤ ਪਿੱਛੋਂ ਉਸ ਨਾਲ ਹਮਦਰਦੀ ਕਰਨ ਦੀ ਬਜਾਏ ਤੰਜ ਕੱਸ ਰਿਹਾ ਹੈ।
ਇਸ ’ਤੇ ਹੁਣ ਜਸਬੀਰ ਜੱਸੀ ਨੇ ਇਕ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕਰਦਿਆਂ ਆਪਣਾ ਸਪੱਸ਼ਟੀਕਰਨ ਦਿੱਤਾ ਹੈ ਤੇ ਮੁਆਫ਼ੀ ਮੰਗੀ ਹੈ। ਜਸਬੀਰ ਜੱਸੀ ਨੇ ਕਿਹਾ ਕਿ ਉਹ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਕੋਲੋਂ ਮੁਆਫ਼ੀ ਮੰਗਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਇਕ ਟਵੀਟ ਕਾਰਨ ਮਾੜਾ ਲੱਗਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਜੋ ਮਾੜਾ ਬੋਲ ਰਹੇ ਹਨ, ਉਨ੍ਹਾਂ ਨਾਲ ਮੇਰੀ ਕੋਈ ਨਾਰਾਜ਼ਗੀ ਨਹੀਂ ਹੈ ਪਰ ਇਹ ਟਵੀਟ ਉਨ੍ਹਾਂ ਨੇ ਕਿਉਂ ਕੀਤਾ ਸੀ, ਉਸ ਬਾਰੇ ਉਹ ਕਿਸੇ ਹੋਰ ਵੀਡੀਓ ’ਚ ਗੱਲਬਾਤ ਕਰਨਗੇ। ਉਨ੍ਹਾਂ ਇਹ ਵੀ ਸਾਫ ਕੀਤਾ ਕਿ ਜਿਸ ਟਵੀਟ ਕਾਰਨ ਵਿਵਾਦ ਭਖਿਆ ਹੋਇਆ ਹੈ, ਉਹ ਉਨ੍ਹਾਂ ਨੇ ਸਿੱਧੂ ਮੂਸੇ ਵਾਲਾ ਲਈ ਨਹੀਂ ਕੀਤਾ ਸੀ