ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਮਹਿਲਾ ਮਰੀਜ਼ ਦੀ ਟੀਕਾ ਲੱਗਦਿਆਂ ਹੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਹਸਪਤਾਲ ਵਿੱਚ ਡਾਕਟਰਾਂ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ । ਪਰਿਵਾਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਤਿੰਨਾਂ ਡਾਕਟਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ । ਮ੍ਰਿਤਕਾ ਦੀ ਪਛਾਣ ਪ੍ਰੀਮਲਜੀਤ ਕੌਰ ਵਜੋਂ ਹੋਈ ਹੈ ਅਤੇ ਉਹ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕਾ ਸੀ ।
ਮ੍ਰਿਤਕਾ ਦੇ ਪਿਤਾ ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਪ੍ਰੀਮਲਜੀਤ ਨੂੰ ਪੱਥਰੀ ਦੀ ਸ਼ਿਕਾਇਤ ਸੀ, ਪਰ ਆਪ੍ਰੇਸ਼ਨ ਦੌਰਾਨ ਟੀਕਾ ਲੱਗਦਿਆਂ ਹੀ ਬੇਟੀ ਦੀ ਮੌਤ ਹੋ ਗਈ । ਪੁਲਿਸ ਨੇ ਡਾ. ਹਰਭਜਨ ਸਿੰਘ, ਉਸ ਦੇ ਪੁੱਤਰ ਅਤੇ ਮਨਜੀਤ ਸਿੰਘ ਬੱਬਰ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ । ਹਰਭਜਨ ਸਿੰਘ ਅਤੇ ਉਸ ਦੇ ਪੁੱਤਰ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਮਨਜੀਤ ਸਿੰਘ ਬੱਬਰ ਮੌਕੇ ਤੋਂ ਫਰਾਰ ਹੋ ਗਿਆ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਆਪ੍ਰੇਸ਼ਨ ਤੋਂ ਪਹਿਲਾਂ ਜਦੋਂ ਅਧਿਆਪਕਾ ਪ੍ਰੀਮਲਜੀਤ ਕੌਰ ਨੂੰ ਐਨੇਸਥੀਸੀਆ ਦਿੱਤਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਦਰਅਸਲ, ਜਦੋਂ ਇਹ ਟੀਕਾ ਲਗਾਇਆ ਗਿਆ ਤਾਂ ਐਨੇਸਥੀਸੀਆ ਦੇਣ ਵਾਲਾ ਡਾਕਟਰ ਉੱਥੇ ਨਹੀਂ ਸੀ । ਇਸ ਦੇ ਨਾਲ ਹੀ ਡਾਕਟਰਾਂ ਅਤੇ ਹਸਪਤਾਲ ਪ੍ਰਸ਼ਾਸਨ ਨੇ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਦੀ ਅਚਾਨਕ ਧੜਕਣ ਰੁਕਣ ਨਾਲ ਮੌਤ ਹੋ ਗਈ । ਇਸ ਵਿੱਚ ਉਨ੍ਹਾਂ ਦਾ ਜਾਂ ਹਸਪਤਾਲ ਦਾ ਕਸੂਰ ਨਹੀਂ ਸੀ । ਸਟਾਫ ਨੇ ਮਰੀਜ਼ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ।
ਇਸ ਸਬੰਧੀ ਮੌਕੇ ’ਤੇ ਪਹੁੰਚੇ ਥਾਣਾ ਸਦਰ ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ’ਤੇ 3 ਡਾਕਟਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਪਿਓ-ਪੁੱਤ ਡਾਕਟਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੂਜਾ ਡਾਕਟਰ ਮਨਜੀਤ ਸਿੰਘ ਬੱਬਰ ਅਜੇ ਫਰਾਰ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਜਾਵੇਗਾ ਉਸ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: