ਬਠਿੰਡਾ ਜੇਲ੍ਹ ਵਿੱਚ ਬੰਦ ਇੱਕ ਕੈਦੀ ਰਾਜਵੀਰ ਨੇ ਜੇਲ੍ਹ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਾਏ ਹਨ ਕਿ ਉਸ ਦੇ ਨਾਲ ਜੇਲ੍ਹ ਵਿੱਚ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਗਿਆ ਤੇ ਉਸ ਦੇ ਕੇਸ ਵੀ ਕਤਲ ਕੀਤੇ ਗਏ। ਇਸ ਮਾਮਲੇ ਵਿੱਚ ਉਸ ਦੀ ਅੱਜ ਅਦਾਲਤ ਵਿੱਚ ਪੇਸ਼ੀ ਹੋਈ, ਜਿਥੇ ਉਸ ਨੇ ਆਪਣੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਵਿਖਾਏ।
ਦੱਸ ਦੇਈਏ ਕਿ ਦੋ ਦਿਨ ਪਹਿਲਾਂ ਕੈਦੀ ਦੀ ਮਾਂ ਨੇ ਮੀਡੀਆ ਨੂੰ ਦੱਸਿਆ ਸੀ ਕਿ ਬਠਿੰਡਾ ਦੇ ਜੇਲ੍ਹ ਵਿੱਚ ਐਤਵਾਰ ਨੂੰ ਉਸ ਦੇ ਪੁੱਤਰ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਉਸ ਦੇ ਪੁੱਤਰ ਦੇ ਕੇਸ ਕਤਲ ਕੀਤੇ ਗਏ ਹਨ। ਕੈਦੀ ਨੇ ਮੀਡੀਆ ਨੂੰ ਆਪਣੇ ਪੁੱਤਰ ਵੱਲੋਂ ਲਿਖੀ ਗਈ ਚਿੱਠੀ ਤੇ ਕਤਲ ਕੀਤੇ ਗਏ ਕੇਸ ਵੀ ਵਿਖਾਏ। ਉਸ ਨੇ ਕਿਹਾ ਕਿ ਉਸ ਦੇ ਪੁੱਤਰ ਦੀ ਇਥੋਂ ਜੇਲ੍ਹ ਬਦਲੀ ਕੀਤੀ ਜਾਣੀ ਚਾਹੀਦੀ ਹੈ।
ਇਸ ਮਾਮਲੇ ਦਾ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਵੀ ਨੋਟਿਸ ਲਿਆ ਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਨੋਟਿਸ ਵਿੱਚ ਆਇਆ ਹੈ ਕਿ ਕੈਦੀ ਨੇ ਬਠਿੰਡਾ ਜੇਲ੍ਹ ਅਥਾਰਟੀ ‘ਤੇ ਗੰਭੀਰ ਇਲਜ਼ਾਮ ਲਾਏ ਨੇ ਅਸੀਂ ਜਾਂਚ ਦੇ ਹੁਕਮ ਦਿੱਤੇ ਨੇ ਤੇ ਜੋ ਕੋਈ ਦੋਸ਼ੀ ਪਾਇਆ ਗਿਆ ਤਾਂ ਬਣਦੀ ਕਾਰਾਵਾਈ ਕੀਤੀ ਜਾਵੇਗੀ। ਫਿਲਹਾਲ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਹੈ।
ਦੱਸ ਦਈਏ ਕਿ ਇਹ ਕੈਦੀ ਗੈਂਗਸਟਰ ਰਾਜਵੀਰ ਸਾਲ 2017 ‘ਚ ਵੀ ਚਰਚਾ ‘ਚ ਆਇਆ ਸੀ। ਉਸ ਵੇਲੇ ਇਹ ਕਪੂਰਥਲਾ ਜੇਲ੍ਹ ‘ਚ ਬੰਦ ਕੈਦੀ ਦੇ ਲੱਕ ‘ਤੇ ਗਰਮ ਸਰੀਏ ਨਾਲ ‘ਕ੍ਰਿਮੀਨਲ’ ਲਿਖਿਆ ਗਿਆ ਸੀ। ਹੁਣ ਕੇਸ ਕਤਲ ਕਰਨ ਦੀ ਤਾਜ਼ਾ ਘਟਨਾ ਤੋਂ 3-4 ਦਿਨ ਪਹਿਲਾਂ ਹੀ ਇਸ ਕੈਦੀ ਕੋਲੋਂ ਮੋਬਾਈਲ ਤੇ ਪੰਜ ਸਿਮ ਮਿਲੇ ਸਨ। ਇਸ ਤੋਂ ਬਾਅਦ ਐਤਵਾਰ ਨੂੰ ਉਸ ਨੇ ਆਪਣੀ ਮਾਂ ਨੂੰ ਚਿੱਠੀ ਦੇ ਨਾਲ ਆਪਣੇ ਕਤਲ ਕੀਤੇ ਕੇਸ ਵੀ ਫੜਾਏ ਤੇ ਜੇਲ੍ਹ ਪ੍ਰਸ਼ਾਸਨ ‘ਤੇ ਇਲਜ਼ਾਮ ਲਾਏ।
ਵੀਡੀਓ ਲਈ ਕਲਿੱਕ ਕਰੋ -: